ਅਰਬਪਤੀਆਂ ਦੇ ਮਾਮਲੇ ‘ਚ ਭਾਰਤ ਤੀਜੇ ਨੰਬਰ ‘ਤੇ

2031 ਤੱਕ ਅਰਬਪਤੀਆਂ ਦੀ ਗਿਣਤੀ ਵਿਚ ਹੋ ਸਕਦਾ 51 ਪ੍ਰਤੀਸ਼ਤ ਦਾ ਵਾਧਾ
ਨਵੀਂ ਦਿੱਲੀ : ਦੇਸ਼ ਵਿਚ ਤਕਨਾਲੋਜੀ, ਉਦਯੋਗਿਕ ਖੇਤਰਾਂ ਅਤੇ ਪੂੰਜੀ ਬਾਜ਼ਾਰਾਂ ਵਿਚ ਦੌਲਤ ਸਿਰਜਣ ਨਾਲ 2031 ਤਕ ਉੱਚ-ਨੈੱਟ-ਵਰਥ ਵਾਲੇ ਵਿਅਕਤੀਆਂ ਦੀ ਗਿਣਤੀ 25,217 ਅਤੇ ਅਰਬਪਤੀਆਂ ਦੀ ਗਿਣਤੀ 313 ਹੋਣ ਦਾ ਅਨੁਮਾਨ ਹੈ। ਅਲਟਰਾ-ਹਾਈ ਨੈੱਟ-ਵਰਥ ਵਾਲੇ ਵਿਅਕਤੀ (ਯੂਐਚਐਨਡਬਲਿਊਆਈ) ਉਹ ਹੁੰਦੇ ਹਨ ਜਿਨ੍ਹਾਂ ਦੀ ਕੁਲ ਜਾਇਦਾਦ 3 ਕਰੋੜ ਡਾਲਰ ਜਾਂ ਇਸ ਤੋਂ ਵੱਧ ਹੁੰਦੀ ਹੈ।
ਵਰਤਮਾਨ ਵਿਚ, ਭਾਰਤ ਵਿਚ ਅਜਿਹੇ 19,877 ਵਿਅਕਤੀ ਹਨ, ਜਦੋਂ ਕਿ ਅਰਬਪਤੀਆਂ ਦੀ ਗਿਣਤੀ 207 ਹੈ। ਰੀਅਲ ਅਸਟੇਟ ਸਲਾਹਕਾਰ ਨਾਈਟ ਫ਼ਰੈਂਕ ਨੇ ਅਪਣੀ ‘ਦ ਵੈਲਥ ਰਿਪੋਰਟ 2026’ ਵੀਰਵਾਰ ਨੂੰ ਜਾਰੀ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ, ਵਧਦੀਆਂ ਵਿਆਜ ਦਰਾਂ ਬਾਰੇ ਚਿੰਤਾਵਾਂ ਅਤੇ ਅਸਮਾਨ ਆਰਥਕ ਪ੍ਰਦਰਸ਼ਨ ਦੇ ਬਾਵਜੂਦ, ਵਿਸ਼ਵਵਿਆਪੀ ਦੌਲਤ ਸਿਰਜਣਾ ਵਿਚ ‘ਤੇਜ਼ੀ ਨਾਲ ਵਾਧਾ’ ਹੋਇਆ ਹੈ। ਨਾਈਟ ਫਰੈਂਕ ਅਨੁਸਾਰ, ਦੇਸ਼ ਵਿਚ ਪਿਛਲੇ ਪੰਜ ਸਾਲਾਂ ਵਿਚ ਅਰਬਪਤੀਆਂ ਦੀ ਗਿਣਤੀ 58 ਪ੍ਰਤੀਸ਼ਤ ਵੱਧ ਕੇ 2026 ਵਿਚ 207 ਹੋ ਗਈ ਹੈ, ਜਿਸ ਨਾਲ ਇਹ ਅਮਰੀਕਾ (914) ਅਤੇ ਚੀਨ (485) ਤੋਂ ਬਾਅਦ ਤੀਜੇ ਸਥਾਨ ’ਤੇ ਹੈ।
ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ 2026 ਦੀ ਸ਼ੁਰੂਆਤ ਵਿਚ 207 ਤੋਂ ਵੱਧ ਕੇ 2031 ਤਕ 51 ਪ੍ਰਤੀਸ਼ਤ ਵਾਧੇ ਨਾਲ 313 ਹੋਣ ਦਾ ਅਨੁਮਾਨ ਹੈ। ਭਾਰਤ ਵਿਚ ਯੂਐਚਐਨਡਬਲਿਊਆਈ ਦੀ ਕੁੱਲ ਗਿਣਤੀ ਵਿਚ ਮੁੰਬਈ ਦੀ ਹਿੱਸੇਦਾਰੀ 35.4 ਪ੍ਰਤੀਸ਼ਤ ਹੈ। ਭਾਰਤ ਹੁਣ ਦੁਨੀਆ ਵਿਚ ਯੂਐਚਐਨਡਬਲਿਊਆਈ ਦਾ ਛੇਵਾਂ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ।
ਵਿਸ਼ਵ ਪੱਧਰ ’ਤੇ ਯੂਐਚਐਨਡਬਲਿਊਆਈ ਦੀ ਗਿਣਤੀ 2021 ਵਿਚ 551,435 ਤੋਂ ਵੱਧ ਕੇ 713,626 ਹੋ ਗਈ ਹੈ। ਨਾਈਟ ਫਰੈਂਕ ਇੰਡੀਆ ਦੇ ਅੰਤਰਰਾਸ਼ਟਰੀ ਭਾਈਵਾਲ, ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜਲ ਨੇ ਕਿਹਾ, ‘‘ਭਾਰਤ ਵਿਚ ਅਮੀਰ ਵਿਅਕਤੀਆਂ ਦੀ ਗਿਣਤੀ ਵਿਚ ਵਾਧਾ ਭਾਰਤ ਦੇ ਆਰਥਕ ਵਿਕਾਸ ਨੂੰ ਦਰਸਾਉਂਦਾ ਹੈ। ਇਹ ਇਕ ਵਧੇਰੇ ਉੱਦਮੀ ਅਰਥਵਿਵਸਥਾ ਬਣਦੇ ਹੋਏ ਮਜ਼ਬੂਤ ਪੂੰਜੀ ਭੰਡਾਰ, ਵਧੇਰੇ ਵਿਕਸਤ ਵਿੱਤੀ ਬਜ਼ਾਰਾਂ ਅਤੇ ਵਿਸ਼ਵ ਪੱਧਰ ’ਤੇ ਜੁੜੇ ਸੰਸਥਾਪਕਾਂ ਅਤੇ ਨਿਵੇਸ਼ਕਾਂ ਦੇ ਵਧਦੇ ਸਮੂਹਾਂ ਨਾਲ ਅੱਗੇ ਵੱਧ ਰਿਹਾ ਹੈ। ’’ ਉਨ੍ਹਾਂ ਕਿਹਾ ਕਿ ਡਿਜੀਟਲਾਈਜ਼ੇਸ਼ਨ, ਸੂਚੀਬੱਧ ਸਟਾਕ ਬਾਜ਼ਾਰ, ਨਿਜੀ ਪੂੰਜੀ ਅਤੇ ਪਰਵਾਰਕ ਮਾਲਕੀ ਵਾਲੇ ਕਾਰੋਬਾਰ ਸਾਰੇ ਇਸ ਵਿਚ ਭੂਮਿਕਾ ਨਿਭਾਉਂਦੇ ਹਨ। (ਪੀਟੀਆਈ)
