ਇਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ ‘ਤੇ ਗੋਲੀਬਾਰੀ ਕਰਦਿਆਂ ਕਬਜ਼ੇ ‘ਚ ਲਏ

ਤਹਿਰਾਨ, 23 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਇਰਾਨ ਦੀ ਫੌਜੀ ਇਕਾਈ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਹੋਰਮੁਜ਼ ਜਲਡਮਰੂ ਵਿੱਚ ਘੱਟੋ-ਘੱਟ ਦੋ ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ ਨੂੰ ਵਧਾਉਣ ਦੇ ਹਾਲ ਹੀ ਦੇ ਐਲਾਨ ਦੇ ਬਾਵਜੂਦ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਇਹ ਵੀ ਦੋਵੇਂ ਜਹਾਜ਼ ਭਾਰਤ ਆ ਰਹੇ ਸਨ, ਜਿਸ ਨਾਲ ਹੁਣ ਭਾਰਤ ‘ਚ ਤੇਲ ਸੰਕਟ ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੋਰਮੁਜ਼ ਦੀ ਨਾਕਾਬੰਦੀ ਤੋਂ ਬਾਅਦ ਅਮਰੀਕਾ ਨੇ ਇੱਕ ਇਰਾਨੀ ਜਹਾਜ਼ ਨੂੰ ਜ਼ਬਤ ਕਰ ਲਿਆ ਸੀ, ਜਿਸ ਤੋਂ ਗੁੱਸੇ ਵਿੱਚ ਆਏ ਇਰਾਨ ਨੇ ਹੁਣ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਤਬਾਹ ਕਰ ਰਿਹਾ ਹੈ ਜਾਂ ਜ਼ਬਤ ਕਰ ਰਿਹਾ ਹੈ। ਇਸ ਨਾਲ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨ ਛੂਹ ਸਕਦੀਆਂ ਹਨ। ਇਰਾਨੀ ਫ਼ੌਜ ਨੇ ਕਿਹਾ ਕਿ ਉਸਦੀ ਜਲ ਸੈਨਾ ਨੇ ਐਮਐਸਸੀ ਫ੍ਰਾਂਸਿਸਕਾ ਅਤੇ ਏਪਾਮਿਨੋਂਡਾਸ ਜਹਾਜ਼ਾਂ ਨੂੰ ਰੋਕਿਆ ਹੈ। ਇਰਾਨ ਦਾ ਦੋਸ਼ ਹੈ ਕਿ ਇਹ ਜਹਾਜ਼ ਬਿਨਾਂ ਜ਼ਰੂਰੀ ਮਨਜੂਰੀ ਤੋਂ ਚੱਲ ਰਹੇ ਸਨ ਤੇ ਨੇਵੀਗੇਸ਼ਨ ਪ੍ਰਣਾਲੀਆਂ ਨਾਲ ਛੇੜਛਾੜ ਕੀਤੀ ਸੀ, ਜਿਸ ਨਾਲ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ। ਉਪਰੰਤ ਇਨ੍ਹਾਂ ਜਹਾਜ਼ਾਂ ਨੂੰ ਇਰਾਨ ਦੇ ਤੱਟ ਵੱਲ ਭੇਜ ਦਿੱਤਾ ਗਿਆ। ਹੋਰਮੁਜ਼ ਜਲਡਮਰੂ ਵਿੱਚ ਸੁਰੱਖਿਆ ਅਤੇ ਵਿਵਸਥਾ ਵਿੱਚ ਕੋਈ ਵੀ ਵਿਘਨ ਉਨ੍ਹਾਂ ਲਈ ਇੱਕ ਲਾਲ ਲਕੀਰ ਹੈ। ਰਿਪੋਰਟਾਂ ਅਨੁਸਾਰ ਇਰਾਨੀ ਫ਼ੌਜ ਨੇ ਹੋਰਮੁਜ਼ ਜਲਡਮਰੂ ਵਿੱਚ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਵਿੱਚੋਂ ਇੱਕ ਗੁਜਰਾਤ ਜਾ ਰਿਹਾ ਹੈ। ਇਹ ਜਹਾਜ਼ ਲਾਇਬੇਰੀਅਨ ਝੰਡੇ ਹੇਠ ਰਜਿਸਟਰਡ ਹੈ ਪਰ ਇੱਕ ਯੂਨਾਨੀ ਕੰਪਨੀ ਦੀ ਮਲਕੀਅਤ ਹੈ। ਇਹ ਦੁਬਈ ਦੇ ਜੇਬਲ ਅਲੀ ਬੰਦਰਗਾਹ ਤੋਂ ਰਵਾਨਾ ਹੋਇਆ ਅਤੇ ਭਾਰਤ ਵੱਲ ਜਾ ਰਿਹਾ ਸੀ। ਜੇਕਰ ਇਰਾਨ ਇਸ ਤਰ੍ਹਾਂ ਜਹਾਜ਼ਾਂ ਨੂੰ ਰੋਕਦਾ ਰਿਹਾ ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਇਰਾਨ ਨਾਲ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ, ਫਿਰ ਵੀ ਖੇਤਰ ਵਿੱਚ ਤਣਾਅ ਉੱਚਾ ਹੈ।
