ਆਂਗਣਵਾੜੀ ਵਰਕਰਾਂ ਨਾਲ ਧੋਖਾ? ਕੇਂਦਰ ਵੱਲੋਂ ਭੇਜੇ ਮੋਬਾਈਲ ਹੋਰ ਵਿਭਾਗ ਨੂੰ ਦੇਣ ਦੇ ਦੋਸ਼


ਫਿਰੋਜ਼ਪੁਰ, 19 ਅਪ੍ਰੈਲ (ਰਾਜੇਸ਼ ਧਵਨ) : ਆਂਗਣਵਾੜੀ ਵਰਕਰ ਯੂਨੀਅਨ (ਸੀਟੂ) ਨੇ ਪੰਜਾਬ ਸਰਕਾਰ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਵਰਕਰਾਂ ਦੇ ਕੰਮ ਲਈ ਭੇਜੇ ਗਏ ਮੋਬਾਈਲ ਫੋਨ ਉਨ੍ਹਾਂ ਨੂੰ ਦੇਣ ਦੀ ਬਜਾਏ ਹੋਰ ਵਿਭਾਗਾਂ ਨੂੰ ਸੌਂਪੇ ਜਾ ਰਹੇ ਹਨ। ਯੂਨੀਅਨ ਦੀ ਜ਼ਿਲਾ ਪ੍ਰਧਾਨ ਜਸਪਾਲ ਕੌਰ ਅਤੇ ਜ਼ਿਲਾ ਜਨਰਲ ਸਕੱਤਰ ਕਾਂਤਾ ਰਾਣੀ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਸੰਘਰਸ਼ ਅਤੇ ਧਰਨਿਆਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਲਈ ਮੋਬਾਈਲ ਭੇਜੇ ਗਏ ਸਨ, ਜਿਨ੍ਹਾਂ ਦੀ ਵੰਡ ਸੂਬਾ ਸਰਕਾਰ ਨੇ ਕਰਨੀ ਸੀ। ਉਨ੍ਹਾਂ ਮੁਤਾਬਕ ਜ਼ਿਲਾ ਫਿਰੋਜ਼ਪੁਰ ਲਈ 1261 ਮੋਬਾਈਲ ਆਏ ਸਨ, ਜਿਨ੍ਹਾਂ ਰਾਹੀਂ 13 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ “ਮਾਵਾਂ ਧੀਆਂ ਦਾ ਸਤਿਕਾਰ” ਯੋਜਨਾ ਵੀ ਲਾਗੂ ਹੋਣੀ ਸੀ। ਪਰੰਤੂ, ਬਾਲ ਵਿਕਾਸ ਵਿਭਾਗ ਵੱਲੋਂ ਸਮੇਂ ਸਿਰ ਮੋਬਾਈਲ ਨਾ ਦਿੱਤੇ ਜਾਣ ਕਾਰਨ ਵਰਕਰਾਂ ਨੇ ਇਸ ਯੋਜਨਾ ਦਾ ਬਾਇਕਾਟ ਕਰ ਦਿੱਤਾ, ਜਿਸ ਨਾਲ ਇਹ ਯੋਜਨਾ ਫਿਰੋਜ਼ਪੁਰ ਸਮੇਤ ਕਈ ਜ਼ਿਲਿਆਂ ਵਿੱਚ ਸ਼ੁਰੂ ਨਹੀਂ ਹੋ ਸਕੀ। ਮੋਬਾਈਲਾਂ ਦੀ ਮੰਗ ਲਈ ਕੁਝ ਦਿਨ ਪਹਿਲਾਂ ਆਂਗਣਵਾੜੀ ਵਰਕਰਾਂ ਨੇ ਡੀਸੀ ਦਫਤਰ ਅੱਗੇ ਰੋਸ਼ ਧਰਨਾ ਵੀ ਦਿੱਤਾ ਸੀ। ਉਸ ਸਮੇਂ ਜ਼ਿਲਾ ਪ੍ਰੋਗਰਾਮ ਅਫਸਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਮੋਬਾਈਲ ਕਿਸੇ ਹੋਰ ਕੰਮ ਲਈ ਵਰਤੇ ਨਹੀਂ ਜਾਣਗੇ। ਇਸ ਦੇ ਬਾਵਜੂਦ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸ਼ਨੀਵਾਰ ਨੂੰ ਛੁੱਟੀ ਦੇ ਦਿਨ ਵੀ ਦਫਤਰ ਖੋਲ੍ਹ ਕੇ ਮੋਬਾਈਲ ਹੋਰ ਵਿਭਾਗ ਨੂੰ ਦਿੱਤੇ ਜਾ ਰਹੇ ਸਨ। ਇਸ ਦੀ ਜਾਣਕਾਰੀ ਮਿਲਣ ’ਤੇ ਵਰਕਰਾਂ ਨੇ ਦਫਤਰ ਪਹੁੰਚ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਛੁੱਟੀ ਦੇ ਦਿਨ ਦਫਤਰ ਵਿੱਚ ਸਿਰਫ ਦੋ-ਤਿੰਨ ਕਰਮਚਾਰੀ ਹੀ ਮੌਜੂਦ ਸਨ, ਜਦਕਿ ਸੀਡੀਪੀਓ ਸੁਖਵਿੰਦਰ ਕੌਰ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਰੁਚਿਕਾ ਨੰਦਾ ਮੌਕੇ ’ਤੇ ਹਾਜ਼ਰ ਨਹੀਂ ਸਨ। ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਵੱਲੋਂ ਉਨ੍ਹਾਂ ਦੇ ਕੰਮ ਲਈ ਭੇਜੇ ਗਏ ਮੋਬਾਈਲ ਤੁਰੰਤ ਉਨ੍ਹਾਂ ਨੂੰ ਸੌਂਪੇ ਜਾਣ, ਤਾਂ ਜੋ ਉਹ ਕੇਂਦਰੀ ਯੋਜਨਾਵਾਂ ਦੇ ਨਾਲ ਨਾਲ “ਮਾਵਾਂ ਧੀਆਂ ਦਾ ਸਤਿਕਾਰ” ਯੋਜਨਾ ਨੂੰ ਵੀ ਸੁਚੱਜੇ ਢੰਗ ਨਾਲ ਲਾਗੂ ਕਰ ਸਕਣ। ਇਸ ਮੌਕੇ ਸੁਨੀਤਾ, ਸ਼ਰਨਜੀਤ ਕੌਰ, ਕੁਲਵਿੰਦਰ ਕੌਰ, ਤਾਰਾ ਦੇਵੀ, ਰਾਜਵਿੰਦਰ ਕੌਰ, ਪ੍ਰਿਯੰਕਾ ਸ਼ਰਮਾ ਅਤੇ ਮਮਤਾ ਵੀ ਮੌਜੂਦ ਸਨ।
