ਪਟਿਆਲਾ ਪੁਲਿਸ ਹਿਰਾਸਤ ‘ਚ 28 ਸਾਲਾ ਨੌਜਵਾਨ ਦੀ ਮੌਤ

ਪਰਿਵਾਰ ਵੱਲੋਂ ਹੰਗਾਮਾ, ਪੁਲਿਸ ‘ਤੇ ਕੁੱਟਮਾਰ ਦੇ ਲਾਏ ਇਲਜ਼ਾਮ

ਪਟਿਆਲਾ, 4 ਅਪ੍ਰੈਲ (ਰਾਜਿੰਦਰ ਸਿੰਘ ਥਿੰਦ) : ਪਟਿਆਲਾ ਪੁਲਿਸ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਆ ਗਈ, ਜਦੋਂ ਪਟਿਆਲਾ ਦੇ ਤ੍ਰਿਪੜੀ ਥਾਣੇ ਵਿੱਚ ਪੁੱਛਗਿੱਛ ਲਈ ਲਿਆਂਦੇ ਮੁਲਜ਼ਮ ਬੰਟੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁਲਜ਼ਮ ਬੰਟੀ ਪਿਛਲੇ 4 ਸਾਲਾਂ ਤੋਂ ਐਨਡੀਪੀਐਸ ਕੇਸ ਵਿੱਚ ਪਟਿਆਲਾ ਕੇਂਦਰੀ ਜੇਲ ਵਿੱਚ ਹਵਾਲਾਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਐਫਆਈਆਰ ਵਿੱਚ ਮੋਬਾਈਲ ਅਤੇ ਜ਼ਰਦਾ ਰੱਖਣ ਦੇ ਮਾਮਲੇ ਵਿੱਚ ਬੰਟੀ ਨੂੰ ਤ੍ਰਿਪੜੀ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਉਸ ਦੀ ਪੁੱਛਗਿੱਛ ਲਈ ਬੰਟੀ ਨੂੰ ਤ੍ਰਿਪੜੀ ਪੁਲਿਸ ਸਟੇਸ਼ਨ ਵਿੱਚ ਲਿਆਂਦਾ ਗਿਆ ਸੀ। ਜਦੋਂ ਉਸ ਦੀ ਪੁੱਛਗਿੱਛ ਚੱਲ ਰਹੀ ਸੀ, ਤਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ। ਜਦੋਂ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਮ੍ਰਿਤਕ ਬੰਟੀ ਦੇ ਸਰੀਰ ਉੱਤੇ ਨਿਸ਼ਾਨ ਸਨ। ਪਰਿਵਾਰ ਨੇ ਸ਼ੰਕਾ ਜਤਾਈ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋਈ। ਇਸ ਕਾਰਨ ਪਰਿਵਾਰ ਵੱਡੀ ਗਿਣਤੀ ਵਿੱਚ ਪਟਿਆਲਾ ਮੋਰਚਰੀ ਦੇ ਬਾਹਰ ਇਕੱਠਾ ਹੋ ਗਿਆ, ਜਿੱਥੇ ਗਰਮਾ-ਗਰਮੀ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਜਦੋਂ ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡੀਐਸਪੀ ਸਿਟੀ-2 ਜੰਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਐਫਆਈਆਰ ਵਿੱਚ ਨਾਮਜ਼ਦ ਸੀ, ਜਿਸ ਦੀ ਪੁੱਛਗਿੱਛ ਲਈ ਉਸ ਨੂੰ ਤ੍ਰਿਪੜੀ ਥਾਣੇ ਲਿਆਂਦਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ, ਜਿਸ ਉਪਰੰਤ ਡਾਕਟਰ ਨੂੰ ਬੁਲਾ ਕੇ ਦਵਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਕੁਝ ਸਮੇਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ, ਜਿਸ ਤੋਂ ਬਾਅਦ ਡਾਕਟਰ ਵੱਲੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਸਲਾਹ ਦਿੱਤੀ ਗਈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ। ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਪੁੱਛਗਿੱਛ ਦੌਰਾਨ ਟਾਰਚਰ ਕੀਤਾ ਗਿਆ ਸੀ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮੌਤ ਦੀ ਅਸਲ ਵਜ੍ਹਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ।
