ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦਾ ਦੇਹਾਂਤ

ਮੋਹਾਲੀ ਦੇ ਮੈਕਸ ਹਸਪਤਾਲ ਵਿਖੇ 84 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਮੋਹਾਲੀ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਸਾਬਕਾ ਵਿੱਤ ਮੰਤਰੀ ਰਹੇ ਲਾਲ ਸਿੰਘ ਦਾ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ 84 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਕਾਂਗਰਸੀ ਵਰਕਰਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਲਾਲ ਸਿੰਘ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਸਾਦਗੀ ਅਤੇ ਇਮਾਨਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਲਾਲ ਸਿੰਘ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਜਰਬੇਕਾਰ ਹਸਤੀ ਸਨ। ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ। ਲਾਲ ਸਿੰਘ ਨੇ ਆਪਣਾ ਸਿਆਸੀ ਸਫਰ 1977 ਚ ਪਹਿਲੀ ਵਾਰ ਵਿਧਾਨ ਸਭਾ ਹਲਕਾ ਡਕਾਲਾ ਹੁਣ ਸਨੌਰ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। 1980 ਚ ਉਹ ਡਕਾਲਾ ਵਿਧਾਨ ਸਭਾ ਤੋਂ ਦੂਸਰੀ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਬਾਆਦ ਰਾਜਨੀਤੀ ਚ ਉਹਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। 1980 ਚ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਚ ਪੰਜਾਬ ਦੇ ਅਹਿਮ ਵਿਭਾਗ ਪਨਸਪ ਦੇ ਚੇਅਰਮੈਨ ਬਣੇ। ਲਾਲ ਸਿੰਘ ਨੇ ਹੌਲੀ-ਹੌਲੀ ਪਟਿਆਲਾ ਖੇਤਰ ਵਿੱਚ ਇੱਕ ਮਜ਼ਬੂਤ ਅਧਾਰ ਬਣਾ ਲਿਆ। ਸਥਾਨਕ ਮੁੱਦਿਆਂ ਅਤੇ ਪਾਰਟੀ ਵਰਕਰਾਂ ਨਾਲ ਉਸ ਦੀ ਨਿਰੰਤਰ ਸ਼ਮੂਲੀਅਤ ਨੇ ਉਨ੍ਹਾਂ ਨੂੰ ਇੱਕ ਮਜਬੂਤ ਆਗੂ ਵੱਜੋਂ ਉਭਾਰਿਆ। ਉਨ੍ਹਾਂ ਨੂੰ ਵੱਡੀ ਸਫਲਤਾ 1992 ਵਿੱਚ ਮਿਲੀ, ਜਦੋਂ ਉਹ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਵਜੋਂ ਚੁਣੇ ਗਏ। ਇਸ ਜਿੱਤ ਨੇ ਉਨ੍ਹਾਂ ਨੂੰ ਸੂਬੇ ਦੀ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਲੀਡਰ ਵੱਜੋਂ ਸਥਾਪਿਤ ਕੀਤਾ। ਉਪਰੰਤ ਉਨ੍ਹਾਂ ਨੇ ਲਗਾਤਾਰ 2002, 2007 ਅਤੇ 2012 ਵਿੱਚ ਦੁਬਾਰਾ ਵਿਧਾਇਕ ਵੱਜੋਂ ਚੁਣੇ ਗਏ ਸਨ, ਜੋ ਉਹਨਾਂ ਦੀ ਲਗਾਤਾਰ ਪ੍ਰਸਿੱਧੀ ਅਤੇ ਮਜ਼ਬੂਤ ਵੋਟਰ ਸੰਪਰਕ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਾਂਗਰਸ ਸਰਕਾਰ ਦੌਰਾਨ ਲਾਲ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਕੰਮ ਕਰਦਿਆਂ ਵਿੱਤ ਅਤੇ ਯੋਜਨਾ ਮੰਤਰੀ, ਬਿਜਲੀ, ਖ਼ੁਰਾਕ ਅਤੇ ਸਪਲਾਈ, ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਈ। ਕਈ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਲਾਲ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਲਾਲ ਸਿੰਘ ਨੂੰ ਪਾਰਟੀ ਦਾ ਇੱਕ ਮਜ਼ਬੂਤ ਥੰਮ੍ਹ ਦੱਸਦਿਆਂ ਕਿਹਾ ਕਿ ਉਨ੍ਹਾਂ ਦੀਆਂ ਪੰਥਕ ਅਤੇ ਰਾਜਸੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਾਰਟੀ ਵਰਕਰਾਂ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮਹਾਰਾਣੀ ਪ੍ਰਨੀਤ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੰਤੋਖ ਸਿੰਘ ਰੰਧਾਵਾ, ਮਦਨ ਲਾਲ ਜਲਾਲਪੁਰ, ਸੁਰਿੰਦਰ ਮਿੱਤਲ ਅਤੇ ਹੋਰ ਸੈਂਕੜੇ ਕਾਂਗਰਸੀ ਆਗੂ ਵਲੋਂ ਲਾਲ ਸਿੰਘ ਦੇ ਚਲੇ ਜਾਣ ਨਾਲ ਪਾਰਟੀ ਅਤੇ ਉਨ੍ਹਾਂ ਨੂੰ ਨਾ ਪੂਰਨ ਹੋਣ ਵਾਲਾ ਘਾਟਾ ਦੱਸਿਆ ਹੈ।

ਲਾਲ ਸਿੰਘ ਦਾ ਪਟਿਆਲਾ ‘ਚ ਅੰਤਿਮ ਸਸਕਾਰ ਅੱਜ
ਪਟਿਆਲਾ, (ਰਾਜਿੰਦਰ ਸਿੰਘ ਥਿੰਦ) : ਸੀਨੀਅਰ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦਾ ਅੰਤਿਮ ਸਸਕਾਰ ਅੱਜ ਮਿਤੀ 29 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਸਮਸ਼ਾਨ ਘਾਟ ਮੜੀਆਂ ਵੀਰ ਜੀ ਪਟਿਆਲ਼ਾ ਵਿਖੇ ਕੀਤਾ ਜਾਵੇ ਜਾਵੇਗਾ। ਉਹਨਾਂ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਤੋਂ ਲਿਆ ਕੇ ਪਟਿਆਲ਼ਾ ਵਿਖੇ ਉਹਨ੍ਹਾਂ ਦੀ ਰਿਹਾਇਸ਼ ਵਿਖੇ ਉਹਨਾਂ ਦੇ ਚਾਹੁਣ ਵਾਲਿਆਂ ਲਈ ਅੰਤਿਮ ਦਰਸ਼ਨ ਕਰਨ ਲਈ ਰੱਖਿਆ ਗਿਆ ਹੈ। ਕਈ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਸਿੰਘ ਸਾਬਕਾ ਵਿਧਾਇਕ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਰਦਿਆਲ ਸਿੰਘ ਕੰਬੋਜ ਸਾਬਕਾ ਐਮ ਐਲ ਏ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਚੇਅਰਮੈਨ ਜੀਤ ਸਿੰਘ ਮੀਰਾਂ ਪੁਰ, ਦਮੋਦਰ ਸਿੰਘ ਸ਼ਮਸ਼ੇਰ ਸਿੰਘ ਗੋਪਾਲ ਸਵੀਟ, ਵਿਜੈ ਗੌਤਮ, ਸਾਬਕਾ ਚੇਅਰਮੈਨ ਕੇਕੇ ਸ਼ਰਮਾ, ਸੁਰਿੰਦਰ ਮਿੱਤਲ ਬਲਬੇਰਾ, ਹਰਮੇਲ ਸਿੰਘ ਮਕੌਰੜ, ਰਾਜ ਡਕਾਲਾ, ਸੁਰਿੰਦਰ ਖੇੜਕੀ ਤੋ ਇਲਾਵਾਂ ਹੋਰ ਬਹੁਤ ਸਾਰੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
