ਮਾਨ ਸਰਕਾਰ ਅਕਾਲੀ ਸਰਕਾਰ ਦੀਆਂ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਗੁਜਰਾਤੀਆਂ ਨੂੰ ਬੋਲ ਰਹੀ ਝੂਠ : ਬਾਦਲ

ਬਾਦਲ ਨੇ ਕਣਕ ਦੀ ਖਰੀਦ ਲਈ ਲੋੜੀਂਦੇ ਪ੍ਰਬੰਧ ਨਾ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਨਿਖੇਧੀ


ਗੁਰਦਾਸਪੁਰ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਗੁਜਰਾਤ ਵਿਚ ਚੋਣ ਪ੍ਰਚਾਰ ਦੌਰਾਨ ਦੇ ਲੋਕਾਂ ਨਾਲ ਧੋਖਾ ਕਰਨ ਦਾ ਯਤਨ ਕਰ ਰਹੀ ਹੈ। ਸ. ਗੁਰਬਚਨ ਸਿੰਘ ਬੱਬੇਹਾਲੀ ਦੇ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਬੀਤੇ ਕੱਲ੍ਹ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਆਪ ਸਰਕਾਰ ਨੇ ਪੰਜਾਬ ਵਿਚ ਹਰ 4 ਕਿਲੋਮੀਟਰ ’ਤੇ ਮੰਡੀ ਸਥਾਪਿਤ ਕੀਤੀ ਹੈ ਅਤੇ ਇਹੀ ਉਹ ਗੁਜਰਾਤ ਵਿਚ ਕਰੇਗੀ। ਉਹਨਾਂ ਕਿਹਾ ਕਿ ਅੱਜ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਝੂਠ ਦਾ ਸਿਖ਼ਰ ਹੀ ਲਗਾ ਦਿੱਤਾ ਜਦੋਂ ਦਾਅਵਾ ਕੀਤਾ ਕਿ ਆਪ ਉਸੇ ਤਰੀਕੇ ਗੁਜਰਾਤ ਵਿਚ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਦੇਵੇਗੀ ਜਿਵੇਂ ਪੰਜਾਬ ਵਿਚ ਪਾਰਟੀ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਲੋਕ ਇਹ ਵੀ ਐਲਾਨ ਕਰ ਰਹੇ ਹਨ ਕਿ ਪੰਜਾਬ ਵਿਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਹਾਲੇ ਤੱਕ ਨਾ ਹੀ ਕਿਸੇ ਔਰਤ ਨੂੰ ਇਕ ਪੈਸੇ ਮਿਲਿਆ ਤੇ ਨਾ ਹੀ ਇਹ ਸਕੀਮ ਹੁਣ ਤਕ ਸ਼ੁਰੂ ਕੀਤੀ ਗਈ। ਬਾਦਲ ਨੇ ਕਿਹਾ ਕਿ ਇਹ ਧੋਖਾ ਹੁਣ ਗੁਜਰਾਤ ਅਤੇ ਪੰਜਾਬ ਵਿਚ ਆਪ ਨੂੰ ਲਾਹਾ ਨਹੀਂ ਦੇਵੇਗਾ। ਹਰ ਕਿਸੇ ਨੇ ਮਹਿਸੂਸ ਕਰ ਲਿਆ ਹੈ ਕਿ ਇਹ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੀ ਹੈ ਪਰ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਕਰਦੀ। ਬਾਦਲ ਨੇ ਸਰਕਾਰ ਵੱਲੋਂ ਮਿਲਕਫੈਡ ਵੇਰਕਾ ਪਾਊਡਰ ਘੁਟਾਲੇ ਵਿਚ ਜੂਨੀਅਰ ਅਫਸਰਾਂ ਦੇ ਵਿਰੁਧ ਕਾਰਵਾਈ ਕਰਕੇ ਮਾਮਲੇ ’ਤੇ ਪਰਦਾ ਪਾਉਣ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਭਾਰਤੀ ਫੌਜ ਵੱਲੋਂ ਮਿਲਕਫੈਡ ਵੱਲੋਂ ਸਪਲਾਈ ਕੀਤੇ ਦੁੱਧ ਪਾਊਡਰ ਨੂੰ ਰੱਦ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਬਾਦਲ ਨੇ ਕਿਹਾ ਕਿ ਮਿਲਕਫੈਡ ਵਿਚ ਭ੍ਰਿਸ਼ਟਾਚਾਰ ਅਸਲ ਵਿਚ ਸਿਖ਼ਰ ਤੋਂ ਸ਼ੁਰੂ ਹੁੰਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਖੁਦ ਸਹਿਕਾਰਤਾ ਮੰਤਰਾਲੇ ਦਾ ਕੰਮ ਵੇਖ ਰਹੇ ਹਨ ਤਾਂ ਉਹਨਾਂ ਤੋਂ ਖੁਦ ਦੇ ਵਿਰੁਧ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਿਰਫ ਇਕ ਨਿਰਪੱਖ ਜਾਂਚ ਹੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਤੇ ਜੋ ਪੰਜਾਬ ਦਾ ਕੌਮੀ ਪੱਧਰ ’ਤੇ ਅਕਸ ਖਰਾਬ ਕਰ ਰਹੇ ਹਨ, ਉਹਨਾਂ ਨੂੰ ਸਜ਼ਾ ਦੁਆਈ ਯਕੀਨੀ ਬਣਾਈ ਜਾ ਸਕਦੀ ਹੈ। ਬਾਦਲ ਨੇ ਮੁੱਖ ਮੰਤਰੀ ਵੱਲੋਂ ਕਣਕ ਦੇ ਆਉਂਦੇ ਸੀਜ਼ਨ ਵਾਸਤੇ ਖਰੀਦ ਦੇ ਸੁਚੱਜੇ ਪ੍ਰਬੰਧ ਨਾ ਕਰਨ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਗਲੇ 10 ਦਿਨਾਂ ਵਿਚ ਮੰਡੀਆਂ ਵਿਚ ਕਣਕ ਆਉਣੀ ਸ਼ੁਰੂ ਹੋ ਜਾਵੇਗੀ ਪਰ ਸਰਕਾਰ ਨੇ ਹਾਲੇ ਤੱਕ ਬਾਰਦਾਨੇ ਦਾ ਪ੍ਰਬੰਧ ਨਹੀਂ ਕੀਤਾ ਤੇ ਖੁਦ ਪ੍ਰਵਾਨ ਕਰ ਰਹੀ ਹੈ ਕਿ ਉਸ ਕੋਲ ਅਨਾਜ ਭੰਡਾਰ ਕਰਨ ਵਾਸਤੇ ਲੋੜੀਂਦੀ ਥਾਂ ਮੌਜੂਦ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ 2 ਮਹੀਨੇ ਪਹਿਲਾਂ ਇਹ ਸਾਰੇ ਇੰਤਜ਼ਾਮ ਕਰ ਦਿੰਦੇ ਸਨ। ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਸਿਰਫ ਲੁੱਟ ਵਿਚ ਵਿਸ਼ਵਾਸ ਰੱਖਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਤੁਹਾਡੇ ਸੇਵਾ ਵਾਸਤੇ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਵਾਸਤੇ ਵਿਜ਼ਨ ਦਸਤਾਵੇਜ਼ ਤਿਆਰ ਕੀਤਾ ਹੈ ਜੋ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਲਾਗੂ ਕੀਤਾ ਜਾਵੇਗਾ। ਇਸ ਮੌਕੇ ਸੁੱਚਾ ਸਿੰਘ ਲੰਗਾਹ, ਡਾ. ਦਲਜੀਤ ਸਿੰਘ ਚੀਮਾ, ਲਖਬੀਰ ਸਿੰਘ ਲੋਧੀਨੰਗਲ, ਗੁਰਇਕਬਾਲ ਸਿੰਘ ਮਾਹਲ ਤੇ ਰਾਜਬੀਰ ਘੁੰਮਣ ਵੀ ਹਾਜ਼ਰ ਸਨ।
