ਅਮਰੀਕਾ ਦੇ ਟੈਕਸਾਸ ‘ਚ ਤੇਲ ਰਿਫਾਇਨਰੀ ‘ਚ ਵੱਡਾ ਧਮਾਕਾ

ਰੋਜ਼ਾਨਾ 380,000 ਲੱਖ ਬੈਰਲ ਖਾਮ ਤੇਲ ਨੂੰ ਪ੍ਰੋਸੈੱਸ ਕਰਕੇ ਬਣਾਉਂਦੀ ਹੈ ਪੈਟਰੋਲ, ਡੀਜ਼ਲ ਤੇ ਜੈੱਟ ਫਿਊਲ

ਟੈਕਸਾਸ, 25 ਮਾਰਚ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਟੈਕਸਾਸ ਸੂਬੇ ਦੇ ਪੋਰਟ ਆਰਥਰ ਸ਼ਹਿਰ ਵਿਚ ਸਥਿਤ ਵੈਲੇਰੋ ਆਇਲ ਰਿਫਾਇਨਰੀ ਵਿਚ ਸੋਮਵਾਰ ਸ਼ਾਮ ਵੱਡਾ ਧਮਾਕਾ ਹੋਇਆ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਆਕਾਸ਼ ਵਿਚ ਕਾਲਾ ਧੂੰਆਂ ਫੈਲ ਗਿਆ।ਅਧਿਕਾਰੀਆਂ ਦੇ ਅਨੁਸਾਰ ਧਮਾਕਾ ਸ਼ਾਮ 6:30 ਵਜੇ ਦੇ ਕਰੀਬ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਆਵਾਜ਼ ਨਾ ਸਿਰਫ਼ ਪੋਰਟ ਆਰਥਰ ਵਿੱਚ ਸੁਣਾਈ ਦਿੱਤੀ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਕਿ ਗਰੋਵਜ਼ ਅਤੇ ਨੀਦਰਲੈਂਡ ਵਿੱਚ ਵੀ ਸੁਣਾਈ ਦਿੱਤੀ। ਬਹੁਤ ਸਾਰੇ ਲੋਕਾਂ ਨੇ ਝਟਕੇ ਮਹਿਸੂਸ ਕਰਨ ਦੀ ਵੀ ਰਿਪੋਰਟ ਦਿੱਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਆਸ-ਪਾਸ ਦੇ ਲੋਕਾਂ ਨੇ ਤੇਜ਼ ਧਮਾਕੇ ਦੀ ਆਵਾਜ਼ ਸੁਣੀ, ਜਿਸ ਨਾਲ ਉਨ੍ਹਾਂ ਦੇ ਘਰ ਹਿਲ ਗਏ। ਇਸ ਤੋਂ ਬਾਅਦ ਐਮਰਜੈਂਸੀ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਇਹ ਰਿਫਾਇਨਰੀ ਰੋਜ਼ਾਨਾ ਲਗਭਗ 380,000 ਲੱਖ ਬੈਰਲ ਖਾਮ ਤੇਲ ਨੂੰ ਪ੍ਰੋਸੈੱਸ ਕਰਕੇ ਪੈਟਰੋਲ, ਡੀਜ਼ਲ ਅਤੇ ਜੈੱਟ ਫਿਊਲ ਬਣਾਉਂਦੀ ਹੈ। ਅਧਿਕਾਰੀਆਂ ਅਨੁਸਾਰ ਇਹ ਵਿਸਫੋਟ ਇੱਕ ਹੀਟਰ ਵਿਚ ਖ਼ਰਾਬੀ ਕਾਰਨ ਹੋਇਆ। ਘਟਨਾ ਤੋਂ ਬਾਅਦ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।
