ਰੇਲ ਲਿੰਕ ਨਾਲ ਜੁੜੇਗਾ ਤਖ਼ਤ ਸ੍ਰੀ ਦਮਦਮਾ ਸਾਹਿਬ : ਰੇਲ ਮੰਤਰੀ ਰਵਨੀਤ ਬਿੱਟੂ

0
91613fb1-861c-4ccf-ae2a-58510a05e23b

ਕਿਹਾ, ਕੇਂਦਰ ਨੇ ਜਾਰੀ ਕੀਤੇ 1118 ਕਰੋੜ ਰੁਪਏ, 192 ਹੈਕਟੇਅਰ ਜ਼ਮੀਨ ਹੋਵੇਗੀ ਐਕਵਾਇਰ

ਤਲਵੰਡੀ ਸਾਬੋ, 21 ਮਾਰਚ (ਗੁਰਜੰਟ ਸਿੰਘ ਨਥੇਹਾ) : ਪਿਛਲੇ ਕਈ ਦਹਾਕਿਆਂ ਤੋਂ ਸਿੱਖ ਪੰਥ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਦੀ ਕੀਤੀ ਜਾ ਰਹੀ ਚਿਰੌਕਣੀ ਮੰਗ ਨੂੰ ਹੁਣ ਬੂਰ ਪੈ ਗਿਆ ਹੈ। ਸ਼ੁੱਕਰਵਾਰ ਨੂੰ ਉਚੇਚੇ ਤੌਰ ‘ਤੇ ਇਸ ਪ੍ਰੋਜੈਕਟ ਦਾ ਐਲਾਨ ਕਰਨ ਪੁੱਜੇ ਕੇਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੁਰੂ ਮਹਿਰਾਜ ਦਾ ਸ਼ੁਕਰਾਨਾ ਕੀਤਾ, ਜਿਨਾਂ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਦੀ ਸੇਵਾ ਉਸਦੇ ਹਿੱਸੇ ਲਾਈ। ਕਰੀਬ 1118 ਕਰੋੜ ਦੇ ਇਸ ਪ੍ਰੋਜੈਕਟ ਦੇ ਤਹਿਤ 8 ਪਿੰਡਾਂ ਵਿੱਚੋਂ ਨਿਕਲਣ ਵਾਲੀ ਇਹ 42 ਕਿਲੋਮੀਟਰ ਲੰਮੇ ਰੇਲ ਲਿੰਕ ਲਈ ਜ਼ਮੀਨ ਵੀ ਕੇਂਦਰ ਸਰਕਾਰ ਆਪਣੇ ਪੈਸੇ ਨਾਲ ਅਕਵਾਇਰ ਕਰੇਗਾ। ਬਠਿੰਡਾ ਰੇਲਵੇ ਸਟੇਸ਼ਨ ‘ਤੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰੀ ਰੇਲ ਮੰਤਰੀ ਸ੍ਰੀ ਬਿੱਟੂ ਨੇ ਬਠਿੰਡਾ ਇਲਾਕੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ, ਸਿਆਸੀ ਜਮਾਤਾਂ ਅਤੇ ਹੋਰਨਾਂ ਜਥੇਬੰਦੀਆਂ ਨੂੰ ਇਸ ਧਾਰਮਿਕ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਣ ਲਈ ਆਪਣਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਹੀਆਂ ਸਰਕਾਰਾਂ ਦੇ ਵੱਲੋਂ ਸਿਰਫ ਇਸ ਮੁੱਦੇ ਉੱਪਰ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਪਰੰਤੂ ਸਿੱਖਾਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਦਹਾਕਿਆਂ ਤੱਕ ਕੇਂਦਰ ਵਿੱਚ ਮੰਤਰੀ ਰਹਿਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਇਸ ਪ੍ਰੋਜੈਕਟ ਨੂੰ ਪੂਰਾ ਨਹੀਂ ਕਰਵਾਇਆ ਜਾ ਸਕਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਜਦ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਮਾਨਯੋਗ ਪ੍ਰਧਾਨ ਮੰਤਰੀ ਕੋਲ ਗਏ ਤਾਂ ਉਹਨਾਂ ਤੁਰੰਤ ਰੇਲਵੇ ਅਤੇ ਵਿੱਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਨਾਲ ਜੁੜੇ ਕਿਸੇ ਵੀ ਪ੍ਰੋਜੈਕਟ ਨੂੰ ਤੁਰੰਤ ਪੂਰਾ ਕੀਤਾ ਜਾਵੇ। ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖ ਕੌਮ ਦੇ ਪੰਜ ਤਖਤਾਂ ਵਿੱਚੋਂ ਸਿਰਫ ਤਖਤ ਸ੍ਰੀ ਦਮਦਮਾ ਸਾਹਿਬ ਹੀ ਰੇਲ ਲਿੰਕ ਨਾਲ ਨਹੀਂ ਜੁੜਿਆ ਹੋਇਆ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਅ ਪ੍ਰਾਪਤ ਇਸ ਧਰਤੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਹੋਈ ਨੂੰ ਰੇਲ ਲਿੰਕ ਨਾਲ ਜੋੜਨਾ ਉਨ੍ਹਾਂ ਦੀ ਮੁੱਖ ਤਰਜੀਹ ਸੀ। ਜਿਸ ਦੇ ਲਈ ਉਹ ਪੂਰੀ ਤਰਹਾਂ ਜੁੜੇ ਹੋਏ ਸਨ ਅਤੇ ਹੁਣ ਇਸ ਪ੍ਰੋਜੈਕਟ ਨੂੰ 6 ਮਾਰਚ ਵਾਲੇ ਦਿਨ ਮਨਜ਼ੂਰੀ ਮਿਲਣ ਤੋਂ ਬਾਅਦ ਅਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਅੱਜ ਇੱਥੇ ਐਲਾਨ ਕਰਨ ਲਈ ਪੁੱਜੇ ਹਨ। ਇਸ ਰੇਲ ਲਿੰਕ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਬਿੱਟੂ ਨੇ ਦੱਸਿਆ ਕਿ ਰਾਮਾ ਮੰਡੀ ਤੋਂ ਸ਼ੁਰੂ ਹੋ ਕੇ ਇਹ ਰੇਲ ਲਿੰਕ ਮਾਨਸਾ ਦੇ ਸੱਦਾ ਸਿੰਘ ਵਾਲਾ ਨਾਲ ਜੁੜੇਗਾ। ਇਹ ਰੇਲਵੇ ਲਾਈਨ ਕਰੀਬ 8 ਪਿੰਡਾਂ ਵਿੱਚੋਂ ਗੁਜਰੇਗੀ। ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਰੇਲਵੇ ਲਾਈਨ ਵਿੱਚ ਕੋਈ ਰੇਲਵੇ ਫਾਟਕ ਨਹੀਂ ਹੋਵੇਗਾ, ਬਲਕਿ ਦੋ ਵੱਡੇ, 45 ਛੋਟੇ ਓਵਰ ਬ੍ਰਿਜ ਅਤੇ 52 ਅੰਡਰ ਬ੍ਰਿਜ ਇਸ ਪ੍ਰੋਜੈਕਟ ਦੇ ਵਿੱਚ ਬਣਾਏ ਜਾਣਗੇ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਲਈ 192 ਹੈਕਟੇਅਰ ਜਮੀਨ ਐਕਵਾਇਰ ਕੀਤੀ ਜਾਵੇਗੀ। ਇਸ ਪ੍ਰੋਜੈਕਟ ਤੋਂ ਪਹਿਲਾਂ ਆਪਣੇ ਵੱਲੋਂ ਪੰਜਾਬ ਲਈ ਲਿਆਂਦੇ ਹੋਰ ਵੱਡੇ ਪ੍ਰੋਜੈਕਟਾਂ ਦੀ ਗੱਲ ਕਰਦੀਆਂ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਹੁਣ ਤੱਕ ਮਾਲਵਾ ਦੇ ਇੱਕ ਦਰਜਨ ਜਿਲਿਆਂ ਨੂੰ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ ਰਾਜਪੁਰਾ-ਚੰਡੀਗੜ ਰੇਲ ਲਿੰਕ ਨੂੰ ਮੰਨਜ਼ੂਰ ਕਰਕੇ ਪੈਸੇ ਜਾਰੀ ਕੀਤੇ ਗਏ। ਇਸੇ ਤਰ੍ਹਾਂ ਫਿਰੋਜ਼ਪੁਰ-ਪੱਟੀ ਰੇਲਵੇ ਲਿੰਕ, ਜੋ ਕਿ ਨਾ ਸਿਰਫ ਵਪਾਰ ਦਾ ਵੱਡਾ ਕੋਰੀਡੋਰ ਬਣੇਗਾ, ਬਲਕਿ ਮਾਲਵਾ ਨੂੰ ਸਿੱਧੇ ਤੌਰ ‘ਤੇ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨਾਲ ਵੀ ਜੋੜੇਗਾ। ਇਸੇ ਤਰ੍ਹਾਂ ਹੁਸ਼ਿਆਰਪੁਰ-ਚਲਵਾੜਾ ਅਤੇ ਬਿਆਸ ਕਾਦੀਆਂ ਰੇਲ ਲਿੰਕ ਵੀ ਮੰਨਜੂਰ ਕਰਕੇ ਸ਼ੁਰੂ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Leave a Reply

Your email address will not be published. Required fields are marked *