ਆਪ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਨੂੰ ਰਾਹਤ, ਮੋਹਾਲੀ ਅਦਾਲਤ ਨੇ ਸਜ਼ਾ ‘ਤੇ ਲਾਈ ਰੋਕ


ਮੋਹਾਲੀ, 21 ਮਾਰਚ (ਨਿਊਜ਼ ਟਾਊਨ ਨੈਟਵਰਕ) : ਆਪ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਨੂੰ ਵੱਡੀ ਰਾਹਤ ਮਿਲੀ ਹੈ। ਮੋਹਾਲੀ ਜ਼ਿਲ੍ਹਾ ਅਦਾਲਤ ਨੇ ਚੈਕ ਬਾਊਂਸ ਮਾਮਲੇ ਵਿੱਚ ਡੇਰਾਬੱਸੀ ਅਦਾਲਤ ਦੇ ਸਜ਼ਾ ‘ਤੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਹੁਕਮ ਵੀਰਵਾਰ ਦੇਰ ਸ਼ਾਮ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ 16 ਮਾਰਚ ਨੂੰ ਡੇਰਾਬੱਸੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਸੋਹੀ ਅਤੇ ਉਸਦੇ ਦੋ ਸਾਥੀਆਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸ਼ਾਹਬਾਜ਼ ਸਿੰਘ ਸੋਹੀ ਦੇ ਵਕੀਲ, ਵਿਕਰਮਜੀਤ ਪਾਸੀ ਨੇ ਕਿਹਾ ਕਿ ਸੈਸ਼ਨ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ ਅਤੇ ਉਸਦੀ ਅਪੀਲ ਸਵੀਕਾਰ ਕਰ ਲਈ ਹੈ। ਹਾਲਾਂਕਿ ਇਸ ਸਬੰਧੀ ਇੱਕ ਵਿਸਤ੍ਰਿਤ ਹੁਕਮ ਅਜੇ ਵੀ ਲੰਬਿਤ ਹੈ, ਜਿਸ ਤੋਂ ਬਾਅਦ ਪੂਰੀ ਜਾਣਕਾਰੀ ਉਪਲਬਧ ਹੋਵੇਗੀ। ਸ਼ਾਹਬਾਜ਼ ਸੋਹੀ ਪੇਸ਼ੇ ਤੋਂ ਇੱਕ ਵਕੀਲ ਹਨ। ਦੱਸਣਯੋਗ ਹੈ ਕਿ ਡੇਰਾਬੱਸੀ ਅਦਾਲਤ ਨੇ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ ਸਿੰਘ ਸੋਹੀ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਹ ਫੈਸਲਾ ਕਰੀਬ 7 ਸਾਲ ਚੱਲੀ ਸੁਣਵਾਈ ਤੋਂ ਬਾਅਦ ਜੂਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਨੇ ਸੁਣਾਇਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ ਸਾਲ ਦੀ ਕੈਦ ਦੇ ਨਾਲ-ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਦਰਅਸਲ, ਮਾਮਲਾ 2018 ਵਿੱਚ ਜੀਰਕਪੁਰ ਦੇ ਰਹਿਣ ਵਾਲੇ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ ਕਮਲਜੀਤ ਸਿੰਘ ਕਾਮਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤ ਮੁਤਾਬਕ ‘ਮੇਸਰਜ਼ ਪਲੇਟਿਨਮ ਸਮਾਰਟ ਬਿਲਡਕਾਨ’ ਦੇ ਤਿੰਨਾਂ ਪਾਰਟਨਰਾਂ ਨੇ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟਾਂ ਦਾ ਸੌਦਾ ਕੀਤਾ ਸੀ। ਪਰ ਸੌਦਾ ਪੂਰਾ ਨਾ ਹੋਣ ‘ਤੇ ਦਿੱਤਾ ਗਿਆ ਸਾਢੇ 3 ਕਰੋੜ ਰੁਪਏ ਦਾ ਚੈਕ ਬਾਊਂਸ ਹੋ ਗਿਆ। ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸ਼ਿਕਾਇਤਕਰਤਾ ਪੱਖ ਨੂੰ ਮਜ਼ਬੂਤ ਮੰਨਦਿਆਂ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਸ਼ਿਕਾਇਤਕਰਤਾ ਪੱਖ ਦੇ ਵਕੀਲ ਭਾਰਤ ਜੋਸ਼ੀ ਨੇ ਦੱਸਿਆ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਫੈਸਲਾ ਆਇਆ ਸੀ।
