‘ਨਾਸਿਰ ਹੁਸੈਨ ਨੇ ਸਰਬਜੀਤ ਕੌਰ ਨੂੰ ਅਸ਼ਲੀਲ ਫੋਟੋਆਂ ਨਾਲ ਕੀਤਾ ਬਲੈਕਮੇਲ’

ਪਹਿਲੇ ਪਤੀ ਨੇ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਕੀਤੀ ਦਾਇਰ


ਲਾਹੌਰ, 26 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਭਾਰਤ ਤੋਂ ਸਿੱਖ ਜੱਥੇ ਨਾਲ ਪਾਕਿਸਤਾਨ ਪਹੁੰਚੀ ਸਰਬਜੀਤ ਕੌਰ ਮਾਮਲੇ ‘ਚ ਹੁਣ ਵੱਡਾ ਮੋੜ ਆ ਗਿਆ ਹੈ। ਉਸ ਦੇ ਪਹਿਲੇ ਪਤੀ ਕਰਨੈਲ ਸਿੰਘ ਨੇ ਪਾਕਿਸਤਾਨ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨੇ ਤਲਾਕ ਲਏ ਬਿਨਾਂ ਵਿਆਹ ਕਰਵਾਇਆ ਹੈ। ਉਸ ਨੇ ਸਰਬਜੀਤ ਕੌਰ ਦੇ ਦੂਜੇ ਪਤੀ ਨਾਸਿਰ ਹੁਸੈਨ ‘ਤੇ ਸਰਬਜੀਤ ਕੌਰ ਨੂੰ ਅਸ਼ਲੀਲ ਫੋਟੋਆਂ ਨਾਲ ਬਲੈਕਮੇਲ ਕਰਨ ਤੇ ਜਬਰਨ ਧਰਮ ਬਦਲਾਉਣ ਦਾ ਇਲਜ਼ਾਮ ਵੀ ਲਗਾਇਆ ਹੈ। ਸਰਬਜੀਤ ਕੌਰ ਜੋ ਕਿ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖ ਜੱਥੇ ‘ਚੋਂ ਫ਼ਰਾਰ ਹੋ ਗਈ ਸੀ, ਉਸ ਨੇ ਪਾਕਿਸਤਾਨ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ ਸੀ। ਇਸ ਲਈ ਉਸ ਨੇ ਪਹਿਲਾਂ ਆਪਣਾ ਧਰਮ ਬਦਲਿਆ ਤੇ ਫਿਰ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਦੇ ਸ਼ਖ਼ਸ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਸੀ। ਨਾਸਰਿ ਹੁਸੈਨ ਤੇ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਤੇ ਫ਼ਿਰ ਇਹ ਦੋਸਤੀ ਪਿਆਰ ‘ਚ ਬਦਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਨਿਕਾਹ ਦੀ ਪਲਾਨਿੰਗ ਕੀਤੀ। ਸਰਬਜੀਤ ਕੌਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਪਹਿਲੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵੇਲੇ ਨਾਸਿਰ ਹੁਸੈਨ ਨੂੰ ਮਿਲ ਚੁੱਕੀ ਸੀ। ਪਾਕਿਸਤਾਨ ਦੇ ਇੱਕ ਵਕੀਲ ਅਲੀ ਚੰਗੇਜ਼ ਸੰਧੂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਵਕੀਲ ਚੰਗੇਜ਼ੀ ਸੰਧੂ ਨੇ ਕਿਹਾ ਹੈ ਕਿ ਸਰਬਜੀਤ ਕੌਰ ਦੇ ਪਹਿਲੇ ਪਤੀ ਕਰਨੈਲ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਨੂੰ ਆਪਣਾ ਵਕੀਲ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ‘ਚ ਦਲੀਲ ਦਿੱਤੀ ਗਈ ਹੈ ਕਿ ਸਰਬਜੀਤ ਕੌਰ ਨੇ ਪਹਿਲੇ ਵਿਆਹ ‘ਚ ਤਲਾਕ ਨਹੀਂ ਲਿਆ ਹੈ ਤੇ ਉਸ ਨੇ ਦੂਸਰਾ ਵਿਆਹ ਕਰਵਾ ਲਿਆ ਹੈ। ਇਸ ਲਈ ਉਸ ਨੂੰ ਭਾਰਤ ਭੇਜ ਦਿੱਤਾ ਜਾਣਾ ਚਾਹੀਦਾ ਹੈ। ਵਕੀਲ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਹਿੰਦੂ ਮੈਰਿਜ ਐਕਟ 1955 ਤਹਿਤ ਤਲਾਕ ਨਹੀਂ ਲਿਆ ਹੈ ਤੇ ਨਾ ਹੀ ਸਰਬਜੀਤ ਕੌਰ ਵੱਲੋਂ ਪਾਕਿਸਤਾਨ ‘ਚ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਜੋ ਉਸ ਦਾ ਕਰਨੈਲ ਨਾਲ ਨਾਤਾ ਟੁੱਟ ਜਾਵੇ। ਵਕੀਲ ਚੰਗੇਜ਼ੀ ਸੰਧੂ ਨੇ ਦੱਸਿਆ ਕਿ ਸਰਬਜੀਤ ਕੌਰ ਦਾ ਜਬਰਨ ਧਰਮ ਬਦਲਵਾਉਣ ਤੇ ਅਸ਼ਲੀਲ ਤਸਵੀਰਾਂ ਨਾਲ ਬਲੈਕਮੇਲ ਕਰਨ ਦੀ ਗੱਲ ਵੀ ਪਟੀਸ਼ਨ ‘ਚ ਕਹੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਟੀਸ਼ਨ ‘ਚ ਦਲੀਲ ਦਿੱਤੀ ਗਈ ਹੈ ਕਿ ਸਰਬਜੀਤ ਕੌਰ ਦੇ ਦੂਜੇ ਪਤੀ ਨਾਸਿਰ ਹੂਸੈਨ ਨੇ ਪਹਿਲਾਂ ਤਾਂ ਸਰਬਜੀਤ ਕੌਰ ਦੀਆਂ ਅਸ਼ਲੀਲ ਤਸਵੀਰਾਂ ਲਈਆਂ ਸਨ। ਇਸ ਤੋਂ ਬਾਅਦ ਉਸ ਨੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਇਸ ਤਹਿਤ ਨਾਸਿਰ ਨੇ ਸਰਬਜੀਤ ਕੌਰ ਦੀ ਰਾਹੀਂ ਕਰਨੈਲ ਸਿੰਘ ਤੋਂ ਮੰਗਵਾਏ ਸਨ ਤਾਂ ਜੋ ਉਹ ਤਸਵੀਰਾਂ ਤੇ ਵੀਡੀਓਜ਼ ਵਾਇਰਲ ਨਾ ਕਰੇ। ਇਸ ਦੇ ਨਾਲ ਹੀ ਪਟੀਸ਼ਨ ‘ਚ ਇਹ ਵੀ ਕਿਹਾ ਹੈ ਕਿ ਸਰਬਜੀਤ ਕੌਰ ਨੇ ਕਰਨੈਲ ਸਿੰਘ ਨੂੰ ਫ਼ੋਨ ਕੀਤਾ ਸੀ ਕਿ ਉਹ ਪਾਕਿਸਤਾਨ ਨਹੀਂ ਰਹਿਣਾ ਚਾਹੁੰਦੀ ਤੇ ਭਾਰਤ ਆਉਣਾ ਚਾਹੁੰਦੀ ਹੈ। ਵਕੀਲ ਨੇ ਦੱਸਿਆ ਪਾਕਿਸਤਾਨ ਦੇ ਸਥਾਨਕ ਕਾਨੂੰਨ ਮੁਤਾਬਕ ਵੀ ਜੇਕਰ ਕੋਈ ਗੈਰ-ਮੁਸਲਿਸ ਵਿਆਹੀ ਹੋਈ ਮਹਿਲਾ ਇਸਲਾਮ ਕਬੂਲ ਕਰਨਾ ਚਾਹੁੰਦੀ ਹੈ ਤੇ ਨਿਕਾਹ ਕਰਨਾ ਚਾਹੁੰਦੀ ਹੈ ਤਾਂ ਇਸ ਮਾਮਲੇ ‘ਚ ਲਾਜ਼ਮੀ ਹੈ ਕਿ ਉਹ ਕਾਨੂੰਨੀ ਤੌਰ ‘ਤੇ ਸਥਾਨਕ ਕਾਨੂੰਨ ਮੁਤਾਬਕ ਤਲਾਕ ਲਵੇ ਜਾਂ ਦੋਵੇਂ ਪਤੀ-ਪਤਨੀ ਦੇ ਸਾਂਝੇ ਫੈਸਲੇ ਰਾਹੀਂ ਇਹ ਫੈਸਲਾ ਲਿਆ ਜਾਵੇ। ਇਸ ਤੋਂ ਬਾਅਦ ਉਹ ਆਪਣੀ ਪਤੀ ਨੂੰ ਵੀ ਇਸਲਾਮ ‘ਚ ਆਉਣ ਲਈ ਕਹੇ, ਇਸ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਉਨ੍ਹਾਂ ਦਾ ਪਤੀ ਇਸਲਾਮ ਕਬੂਲ ਨਹੀਂ ਕਰਦਾ ਤੇ ਪਹਿਲਾ ਵਿਆਹ ਰੱਦ ਹੋ ਜਾਂਦਾ ਹੈ, ਇਸ ਮਾਮਲੇ ‘ਚ ਵੀ ਦੋ ਗਵਾਹ ਪਹਿਲੇ ਹੀ ਮੌਜੂਦ ਹੋਣੇ ਚਾਹੀਦੇ ਸਨ।
