ਕਾਂਗਰਸ ਨੇ AI ਸੰਮੇਲਨ ਨੂੰ ਆਪਣੀ ‘ਗੰਦੀ ਅਤੇ ਨੰਗੀ’ ਸਿਆਸਤ ਦਾ ਅਖਾੜਾ ਬਣਾ ਦਿੱਤਾ : ਮੋਦੀ

0
modiaicongressmerrut1-1771752493

ਕਿਹਾ, ਕੁੱਝ ਸਿਆਸੀ ਪਾਰਟੀਆਂ ਭਾਰਤ ਦੀ ਸਫ਼ਲਤਾ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਹਨ

ਮੇਰਠ, 23 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ’ਚ ਹੋਏ ਏ.ਆਈ. ਇੰਪੈਕਟ ਸੰਮੇਲਨ ਦੌਰਾਨ ਯੂਥ ਕਾਂਗਰਸ ਵਰਕਰਾਂ ਵਲੋਂ ਕੀਤੇ ਵਿਰੋਧ ਪ੍ਰਦਰਸ਼ਨ ਉਤੇ ਐਤਵਾਰ ਨੂੰ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਰਟੀ ਨੇ ਇਕ ਵਿਸ਼ਵਵਿਆਪੀ ਸਮਾਗਮ ਨੂੰ ਅਪਣੀ ਗੰਦੀ ਅਤੇ ‘ਨੰਗੀ’ ਸਿਆਸਤ ਦੇ ਅਖਾੜੇ ਵਿਚ ਬਦਲ ਦਿਤਾ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਦੀ ਇਹ ਕਾਰਵਾਈ ਦਰਸਾਉਂਦੀ ਹੈ ਕਿ ਉਹ ਵਿਚਾਰਧਾਰਕ ਤੌਰ ਉਤੇ ‘ਦੀਵਾਲੀਆ’ ਅਤੇ ‘ਗਰੀਬ’ ਹੋ ਗਈ ਹੈ। ਮੇਰਠ ਵਿਚ ਨਮੋ ਭਾਰਤ ਰੇਲ ਅਤੇ ਮੇਰਠ ਮੈਟਰੋ ਰੇਲ ਵਿਸਤਾਰ ਪ੍ਰਾਜੈਕਟ ਸਮੇਤ ਵੱਖ-ਵੱਖ ਯੋਜਨਾਵਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਹਾਲ ਹੀ ਵਿਚ ਦਿੱਲੀ ਵਿਚ ਹੋਏ ‘ਆਰਟੀਫਿਸ਼ਲ ਇੰਟੈਲੀਜੈਂਸ ਇੰਪੈਕਟ ਸਮਿਟ’ ਵਿਚ ਕਾਂਗਰਸ ਦੇ ਪ੍ਰਦਰਸ਼ਨ ਉਤੇ ਤਿੱਖਾ ਹਮਲਾ ਕੀਤਾ ਅਤੇ ਇਸ ਦੀ ‘ਆਲੋਚਨਾ’ ਕਰਨ ਲਈ ਇਸ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਜਿੱਥੇ ਦੇਸ਼ਵਾਸੀ ਭਾਰਤ ਨੂੰ ਵਿਕਸਿਤ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਦੇਸ਼ ਵਿਚ ਕੁੱਝ ਸਿਆਸੀ ਪਾਰਟੀਆਂ ਹਨ ਜੋ ਭਾਰਤ ਦੀ ਸਫ਼ਲਤਾ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਏ.ਆਈ. ਕਾਨਫਰੰਸ ਲਈ 80 ਤੋਂ ਵੱਧ ਦੇਸ਼ਾਂ ਦੇ ਵਫ਼ਦ ਦਿੱਲੀ ਆਏ ਸਨ, ਲਗਭਗ 20 ਦੇਸ਼ਾਂ ਦੇ ਮੁਖੀ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘ਪੂਰਾ ਦੇਸ਼ ਮਾਣ ਨਾਲ ਭਰਿਆ ਹੋਇਆ ਸੀ ਪਰ ਕਾਂਗਰਸ ਅਤੇ ਉਸ ਦੀ ਮਸ਼ੀਨਰੀ ਨੇ ਕੀ ਕੀਤਾ? ਕਾਂਗਰਸ ਨੇ ਭਾਰਤ ਵਿਚ ਇਕ ਵਿਸ਼ਵਵਿਆਪੀ ਸਮਾਗਮ ਨੂੰ ਅਪਣੀ ਗੰਦੀ ਅਤੇ ‘ਨੰਗੀ’ ਸਿਆਸਤ ਲਈ ਇਕ ਅਖਾੜਾ ਬਣਾ ਦਿਤਾ ਹੈ। ਕਾਂਗਰਸੀ ਨੇਤਾ ਅਪਣੇ ਕਪੜੇ ਉਤਾਰਨ ਤੋਂ ਬਾਅਦ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਸਮਾਗਮ ਵਾਲੀ ਥਾਂ ਉਤੇ ਪਹੁੰਚੇ। ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਜਾਣਦਾ ਹੈ ਕਿ ਤੁਸੀਂ ਪਹਿਲਾਂ ਹੀ ਨੰਗੇ ਹੋ, ਤਾਂ ਅਪਣੇ ਕਪੜੇ ਉਤਾਰਨ ਦੀ ਕੀ ਲੋੜ ਸੀ?’ ਮੋਦੀ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੇ ਉੱਥੇ ਜੋ ਕੀਤਾ ਉਸ ਤੋਂ ਪਤਾ ਲਗਦਾ ਹੈ ਕਿ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਵਿਚਾਰਧਾਰਕ ਤੌਰ ਉਤੇ ਕਿੰਨੀ ਦੀਵਾਲੀਆ ਹੋ ਗਈ ਹੈ, ਇਹ ਕਿੰਨੀ ਗਰੀਬ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਪਣੇ ਹੀ ਦੇਸ਼ ਨੂੰ ਬਦਨਾਮ ਕਰਨ ਵਿਚ ਰੁੱਝੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਕਾਂਗਰਸੀ ਨੇਤਾ ਮੋਦੀ ਨੂੰ ਨਫ਼ਰਤ ਕਰਦੇ ਹਨ। ਇਹ ਲੋਕ ਮੇਰੀ ਕਬਰ ਪੁੱਟਣਾ ਚਾਹੁੰਦੇ ਹਨ। ਉਨ੍ਹਾਂ ਨੂੰ ਮੇਰੀ ਮਾਂ ਨੂੰ ਵੀ ਗਾਲ੍ਹਾਂ ਕੱਢਣ ਵਿਚ ਕੋਈ ਇਤਰਾਜ਼ ਨਹੀਂ ਹੈ। ਅਸੀਂ ਇਸ ਨੂੰ ਵੀ ਬਰਦਾਸ਼ਤ ਕਰਾਂਗੇ, ਪਰ ਕਾਂਗਰਸ ਨੂੰ ਯਾਦ ਰਖਣਾ ਚਾਹੀਦਾ ਸੀ ਕਿ ਏ.ਆਈ. ਉਤੇ ਕੇਂਦਰਿਤ ਆਲਮੀ ਕਾਨਫਰੰਸ ਭਾਜਪਾ ਦਾ ਪ੍ਰੋਗਰਾਮ ਨਹੀਂ ਸੀ। ਇਹ ਦੇਸ਼ ਦਾ ਪ੍ਰੋਗਰਾਮ ਸੀ।’ ਉਨ੍ਹਾਂ ਦੋਸ਼ ਲਾਇਆ, ‘ਪਰਸੋਂ ਕਾਂਗਰਸ ਨੇ ਸਾਰੀ ਮਰਿਆਦਾ ਤੋੜ ਦਿਤੀ ਹੈ ਅਤੇ ਪੂਰਾ ਦੇਸ਼ ਕਾਂਗਰਸ ਦੀ ਨੀਤੀ ਉਤੇ ਥੁੱਕ ਰਿਹਾ ਹੈ ਪਰ ਸ਼ਰਮਿੰਦਾ ਹੋਣ ਦੀ ਬਜਾਏ ਇੰਨੀ ਪੁਰਾਣੀ ਪਾਰਟੀ ਦੇ ਨੇਤਾ ਦੇਸ਼ ਦਾ ਅਪਮਾਨ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਬੇਸ਼ਰਮੀ ਨਾਲ ਦੇਸ਼ ਦੀ ਬੇਇੱਜ਼ਤੀ ਕਰਨ ਵਾਲਿਆਂ ਦੀ ਜੈ-ਜੈਕਾਰ ਕਰ ਰਹੇ ਹਨ।’ ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.), ਬਹੁਜਨ ਸਮਾਜ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਇਸ ਪਾਪ ਵਿਚ ਇਨ੍ਹਾਂ ਪਾਰਟੀਆਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ ਕਾਂਗਰਸ ਦੇ ਬੇਲਗਾਮ ਨੇਤਾ ਹੀ ਦੇਸ਼ ਨੂੰ ਤਬਾਹ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ, ‘ਕਾਂਗਰਸ ਦੇਸ਼ ਲਈ ਬੋਝ ਬਣ ਗਈ ਹੈ। ਮੈਨੂੰ ਸੰਤੋਸ਼ ਹੈ ਕਿ ਦਿੱਲੀ ਵਿਚ ਵਾਪਰੀ ਘਟਨਾ ਨੂੰ ਲੈ ਕੇ ਕਾਂਗਰਸ ਦੇ ਸਾਰੇ ਸਹਿਯੋਗੀਆਂ ਨੇ ਕਾਂਗਰਸ ਦੀ ਆਲੋਚਨਾ ਕਰਨ ਦੀ ਪੂਰੀ ਹਿੰਮਤ ਵਿਖਾਈ ਹੈ। ਮੈਂ ਵਿਰੋਧੀ ਧਿਰ ਦੇ ਇਨ੍ਹਾਂ ਸਾਥੀਆਂ ਵਲੋਂ ਸੱਚ ਅਤੇ ਦੇਸ਼ ਦੇ ਮਾਣ ਨਾਲ ਖੜ੍ਹੇ ਹੋਣ ਲਈ ਜਨਤਕ ਤੌਰ ਉਤੇ ਧਨਵਾਦ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ, ‘ਜੇਕਰ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠਣਾ ਹੈ ਤਾਂ ਤੁਹਾਨੂੰ ਪਹਿਲਾਂ ਲੋਕਾਂ ਦਾ ਦਿਲ ਜਿੱਤਣਾ ਹੋਵੇਗਾ। ਤੁਸੀਂ ਸੀਟ ਉਤੇ ਕਬਜ਼ਾ ਕਰਨ ਲਈ ਮਹਿਲਾ ਸੰਸਦ ਮੈਂਬਰਾਂ ਨੂੰ ਭੇਜ ਕੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਅਤੇ ਇਸ ਤਰ੍ਹਾਂ ਮਾਤਾਵਾਂ-ਭੈਣਾਂ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਕੀ ਮਜਬੂਰੀ ਹੈ? ਕੀ ਤੁਸੀਂ ਇੰਨੇ ਖੋਖਲੇ ਹੋ ਗਏ ਹੋ?’

Leave a Reply

Your email address will not be published. Required fields are marked *