ਪੰਜਾਬ ਪੁਲਿਸ ਦੇ ਮੁਲਾਜ਼ਮ ਦੇ 26 ਸਾਲਾ ਪੁੱਤ ਦੀ ਨਸ਼ੇ ਕਾਰਨ ਮੌਤ!

0
Screenshot 2026-02-14 191256

ਪੀੜਤ ਪਿਤਾ ਨੇ ਪੁੱਤ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
ਕਿਹਾ, ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਘਰ-ਘਰ ਵਿਕ ਰਿਹਾ ਨਸ਼ਾ ਪੁਰ ਪੁਲਿਸ ਸੁੱਤੀ ਪਈ

ਅੰਮ੍ਰਿਤਸਰ, 14 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਪੰਜਾਬ ’ਚ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮਾ ਕਰਨ ਦਾ ਜਿੱਥੇ ਦਾਅਵਾ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਘਰਾਂ ਤੱਕ ਨਸ਼ਿਆਂ ਦੇ ਅੱਗ ਦਾ ਸੇਕ ਪਹੁੰਚ ਚੁੱਕਿਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦੇ 26 ਸਾਲਾ ਪੁੱਤ ਅਕਾਸ਼ ਦੀ ਮੌਤ ਹੋ ਗਈ ਹੈ। ਅਕਾਸ਼ ਫੁੱਟਬਾਲ ਦਾ ਖਿਡਾਰੀ ਸੀ ਅਤੇ ਬੀਐੱਸਸੀ ਕਰ ਰਿਹਾ ਸੀ। ਅਕਾਸ਼ ਦੇ ਪਿਤਾ ਅਸ਼ੋਕ ਸੈਣੀ ਪੰਜਾਬ ਪੁਲਿਸ ਹੋਮ ਗਾਰਡ ‘ਚ ਤਾਇਨਾਤ ਹਨ। ਪਿਤਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਅਕਾਸ਼ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰਵਾ ਚੁੱਕੇ ਸੀ ਤੇ ਹੁਣ ਵੀ ਭਰਤੀ ਕਰਵਾਇਆ ਹੋਇਆ ਸੀ ਅਤੇ ਬੀਤੀ ਰਾਤ ਨੂੰ ਹੀ ਉਹ ਅਕਾਸ਼ ਨੂੰ ਘਰ ਲੈ ਕੇ ਆਏ ਸੀ। ਪਰਿਵਾਰ ਅਨੁਸਾਰ ਅਕਾਸ਼ ਨੂੰ 3 ਸਾਲ ਪਹਿਲਾਂ ਨਸ਼ੇ ਦੀ ਲਤ ਲੱਗੀ ਸੀ। ਪਹਿਲਾਂ ਉਹ ਸ਼ਰਾਬ ਪੀਣ ਲੱਗਾ ਤੇ ਹੌਲੀ-ਹੌਲੀ ਮੈਡੀਕਲ ਨਸ਼ੇ ਦਾ ਸੇਵਨ ਕਰਨ ਲੱਗ ਪਿਆ। ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਸ ਦਿਨ ਪਹਿਲਾਂ ਆਪਣੇ ਪੁੱਤਰ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖ਼ਲ ਕਰਵਾਇਆ ਸੀ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਹੀ ਉਸ ਨੂੰ ਘਰ ਲੈ ਕੇ ਆਏ ਸਨ। ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਨੂੰ ਤੜਕਸਾਰ ਹੀ ਉਹ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ ਤੇ ਉੱਥੇ ਹੀ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ। ਘਟਨਾ ਤੋਂ ਬਾਅਦ ਉਸ ਦੇ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਰਿਵਾਰ ਤੇ ਇਲਾਵਾ ਵਾਸੀਆਂ ਨੇ ਨੌਜਵਾਨ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਪੁਲਿਸ ਪ੍ਰਸ਼ਾਸਨ ਅਤੇ ਮਾਨ ਸਰਕਾਰ ਵਿਰੁਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀ ਭੜਾਸ ਕੱਢੀ। ਪਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਘਰ-ਘਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਵੀ ਉਸ ਨੂੰ ਨੱਥ ਪਾਉਣ ਵਾਲਾ ਨਹੀਂ ਨਾ ਹੀ ਪੁਲਿਸ ਅਧਿਕਾਰੀ ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਫੜਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਛੱਡ ਦਵੋ ਜਾਂ ਯੋਗੀ ਦਾ ਰਾਜ ਲੈ ਆਓ ਕਿਉਂਕਿ ਇਸ ਸਰਕਾਰ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ, ਸਰਕਾਰ ਵੱਲੋਂ ਲੱਖਾਂ ਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਪਰ ਘਰ-ਘਰ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਦੱਸਣਯੋਗ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਮਾਂਵਾਂ ਦੀਆਂ ਕੁੱਖਾਂ ਨਸ਼ੇ ਦੇ ਦੈਂਤ ਨੇ ਉਜਾੜ ਦਿੱਤੀਆਂ ਹਨ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪੰਜਾਬ ’ਚ ਵਗ ਰਿਹਾ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ।

Leave a Reply

Your email address will not be published. Required fields are marked *