ਕੈਪਟਨ ਅਮਰਿੰਦਰ ਸਿੰਘ ਨੂੰ ਫ਼ੋਰਟਿਸ ਹਸਪਤਾਲ ਤੋਂ ਮਿਲੀ ਛੁੱਟੀ


9 ਫਰਵਰੀ ਨੂੰ ਗੋਡਿਆਂ ਦੀ ਸਰਜਰੀ ਲਈ ਹਸਪਤਾਲ ’ਚ ਕਰਵਾਇਆ ਸੀ ਦਾਖਲ
ਮੋਹਾਲੀ, 14 ਫਰਵਰੀ (ਸਚਿਨ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਚੋਂ ਅੱਜ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾ. ਹਰਸਿਮਰਨ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ 9 ਫਰਵਰੀ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਚ ਗੋਡੇ ਬਦਲਣ ਲਈ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ 10 ਫਰਵਰੀ ਨੂੰ ਇਕ ਸਫਲ ਗੋਡੇ ਬਦਲਣ ਦੀ ਸਰਜਰੀ ਹੋਈ। ਇਹ ਸਰਜਰੀ ਡਾ. ਹਰਸਿਮਰਨ ਸਿੰਘ, ਡਾਇਰੈਕਟਰ, ਆਰਥੋਪੀਡਿਕਸ ਦੀ ਅਗਵਾਈ ਹੇਠ ਡਾਕਟਰਾਂ ਦੀ ਇਕ ਟੀਮ ਦੁਆਰਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਰਿਕਵਰੀ ਹੋਈ। ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਦਾ ਤੁਰਨ-ਫਿਰਨ ਦਰਦ ਰਹਿਤ ਸੀ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਤੋਂ ਅੱਜ ਛੁੱਟੀ ਦੇ ਦਿੱਤੀ ਗਈ।
