ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਕਰਕੇ ਮਹਿੰਗੇ ਹਸਪਤਾਲ ਵੀ ਗਰੀਬਾਂ ਲਈ ਖੋਲ੍ਹੇ : ਕੁਲਦੀਪ ਧਾਲੀਵਾਲ


ਅੰਮ੍ਰਿਤਸਰ ਦੇ ਹਸਪਤਾਲ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਾਰਟ ਦੇ 3 ਸਟੰਟ ਮੁਫ਼ਤ ਪਏ
ਅੰਮ੍ਰਿਤਸਰ, 7 ਫਰਵਰੀ (ਮਨਜੀਤ ਸਿੰਘ ਸ਼ੇਰਗਿੱਲ) : ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਨੇ ਵਸਨੀਕ ਸੁਲੱਖਣ ਸਿੰਘ ਲਈ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਵਰਦਾਨ ਸਾਬਤ ਹੋਇਆ ਹੈ। ਸੁਲੱਖਣ ਸਿੰਘ ਜਿਸ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਨ੍ਹਾਂ ਕੋਈ ਰਕਮ ਖਰਚੇ ਉਸ ਦੇ ਹਾਰਟ ਵਿੱਚ ਤਿੰਨ ਸਟੰਟ ਪਏ ਹਨ ਅਤੇ ਇਸ ਸਮੇਂ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਤੇ ਸਫ਼ਲ ਇਲਾਜ ਕਰਵਾਉਣ ਵਾਲੇ ਮਰੀਜ਼ ਸੁਲੱਖਣ ਸਿੰਘ ਨੇ ਅੱਜ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਮੀਡੀਆ ਦੇ ਰੂ-ਬ-ਰੂ ਹੋ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਸੁਲੱਖਣ ਸਿੰਘ ਨੇ ਦੱਸਿਆ ਕਿ ਦੋ ਕੁ ਹਫ਼ਤੇ ਪਹਿਲਾਂ ਉਸਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਨੇ ਆਪਣਾ ਇਲਾਜ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਤੋਂ ਕਰਵਾਇਆ ਸੀ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕਹਿ ਦਿੱਤਾ ਸੀ ਕਿ ਉਸ ਦੇ ਹਾਰਟ ਵਿੱਚ ਸਟੰਟ ਪੈਣੇ ਹਨ ਅਤੇ ਕਿਸੇ ਵੱਡੇ ਹਸਪਤਾਲ ਤੋਂ ਇਸ ਦਾ ਇਲਾਜ ਕਰਵਾਉਣਾ ਪਵੇਗਾ। ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਵਿੱਚੋਂ ਹੈ ਅਤੇ ਉਨ੍ਹਾਂ ਕੋਲ ਏਨੇ ਪੈਸੇ ਨਹੀਂ ਸਨ ਕਿ ਉਹ ਆਪਣਾ ਮਹਿੰਗਾ ਇਲਾਜ ਕਰਵਾ ਸਕੇ। ਸੁਲੱਖਣ ਸਿੰਘ ਨੇ ਦੱਸਿਆ ਕਿ ਏਸੇ ਦੌਰਾਨ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਲੰਘੇ ਵੀਰਵਾਰ ਆਪਣਾ ਸਿਹਤ ਯੋਜਨਾ ਦਾ ਕਾਰਡ ਬਣਾ ਲਿਆ ਅਤੇ ਅੰਮ੍ਰਿਤਸਰ ਦੇ ਨਾਮੀ ਨਿੱਜੀ ਹਸਪਤਾਲ ਰੰਧਾਵਾ ਹਸਪਤਾਲ ਵਿਖੇ ਪਹੁੰਚ ਗਏ ਜਿੱਥੇ ਡਾਕਟਰਾਂ ਨੇ ਉਸ ਦਾ ਬਿਲਕੁੱਲ ਮੁਫ਼ਤ ਇਲਾਜ ਕਰਕੇ ਹਾਰਟ ਵਿੱਚ ਤਿੰਨ ਸਟੰਟ ਪਾਏ ਹਨ। ਉਸ ਨੇ ਕਿਹਾ ਕਿ ਉਹ ਹੁਣ ਬਿਲਕੁਲ ਠੀਕ ਹੈ ਅਤੇ ਨਵੀਂ ਜ਼ਿੰਦਗੀ ਦੇਣ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦੀ ਹੈ। ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵੱਲ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਹਾਂ-ਪੱਖੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਇਹ ਯੋਜਨਾ ਗਰੀਬ ਅਤੇ ਲੋੜਵੰਦਾਂ ਲਈ ਜੀਵਨਦਾਇਕ ਸਾਬਤ ਹੋ ਰਹੀ ਹੈ। ਸ. ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਵਸਨੀਕ ਸੁਲੱਖਣ ਸਿੰਘ ਇਸ ਦੀ ਪ੍ਰਤੱਖ ਮਿਸਾਲ ਹਨ, ਜਿਨ੍ਹਾਂ ਦੀ ਦਿਲ ਦੀ ਬਿਮਾਰੀ ਦਾ ਇਲਾਜ ਇਸ ਯੋਜਨਾ ਤਹਿਤ ਬਿਲਕੁਲ ਮੁਫ਼ਤ ਹੋਇਆ ਹੈ। ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਕਰਕੇ ਅਮੀਰਾਂ ਦੀ ਪਹੁੰਚ ਵਿੱਚ ਆਉਂਦੇ ਸਭ ਤੋਂ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬਾਂ ਲਈ ਖੋਲ੍ਹ ਦਿੱਤੇ ਗਏ ਹਨ, ਜੋ ਲੋਕ ਸੇਵਾ ਵਿੱਚ ਫੈਸਲਾਕੁੰਨ ਬਦਲਾਅ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ ਸਾਲਾਨਾ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹੋਣਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਸਭ ਕੁਝ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਭਗ 65 ਲੱਖ ਪਰਿਵਾਰ ਹਨ, ਜਿਨ੍ਹਾਂ ਵਿੱਚ ਅਮੀਰ ਅਤੇ ਗਰੀਬ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਇਸ ਕਿਸੇ ਨੂੰ ਵੀ ਇਸ ਯੋਜਨਾ ਤੋਂ ਬਾਹਰ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਅਤੇ ਇਸ ਸਿਹਤ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਨੇ ਦੇਸ਼ ਦੇ ਸਾਹਮਣੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
