ਗੁਰਦਾਸਪੁਰ ਦੇ ਕਰਮਨਬੀਰ ਸਿੰਘ ਨੇ ਰਚਿਆ ਇਤਿਹਾਸ, ਇੰਡੀਆ ਰਿਕਾਰਡ ਬੁੱਕ ‘ਚ ਨਾਮ ਦਰਜ

0
Screenshot 2026-02-02 200631

ਕੇਵਲ 3 ਮਿੰਟ 35 ਸਕਿੰਟਾਂ ‘ਚ ਦੁਨੀਆਂ ਦੇ 195 ਦੇਸ਼ਾਂ ਦੇ ਨਾਮ ਦਸੇ

ਗੁਰਦਾਸਪੁਰ, 3 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਗੁਰਦਾਸਪੁਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਕ ਛੋਟੇ ਬੱਚੇ ਕਰਮਨਬੀਰ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 1 ਕਲੋਨੀ ਗੁਰਦਾਸਪੁਰ ਨੇ ਅਪਣੀ ਅਦਭੁੱਤ ਯਾਦਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਵਲ 3 ਮਿੰਟ 35 ਸਕਿੰਟ ਵਿਚ ਦੁਨੀਆਂ ਦੇ 195 ਦੇਸ਼ਾਂ ਦੇ ਨਾਮ ਬਿਨਾਂ ਕਿਸੇ ਗ਼ਲਤੀ ਦੇ ਬੋਲ ਕੇ ਇਕ ਵਿਲੱਖਣ ਰਿਕਾਰਡ ਕਾਇਮ ਕਰ ਦਿਤਾ ਹੈ। ਇਸ ਸ਼ਾਨਦਾਰ ਕਾਰਨਾਮੇ ਨਾਲ ਬੱਚੇ ਦਾ ਨਾਮ ਇੰਡੀਆ ਰਿਕਾਰਡ ਬੁੱਕ ਵਿਚ ਦਰਜ ਕਰ ਲਿਆ ਗਿਆ ਹੈ। ਛੋਟੀ ਉਮਰ ਵਿਚ ਕੀਤੀ ਗਈ ਇਸ ਵੱਡੀ ਉਪਲਬਧੀ ਨਾਲ ਨਾ ਸਿਰਫ਼ ਬੱਚੇ ਦੇ ਪ੍ਰਵਾਰ ਵਿਚ, ਸਗੋਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਦਸਣਯੋਗ ਹੈ ਕਿ ਕਰਮਨਬੀਰ ਸਿੰਘ ਦੀ ਉਮਰ 7 ਸਾਲ ਹੈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤੈਨਾਤ ਸਹਾਇਕ ਪ੍ਰੋਫ਼ੈਸਰ ਡਾ. ਤੇਜਬੀਰ ਸਿੰਘ ਅਤੇ ਡਾ. ਨਿਧੀ ਦਾ ਸਪੁੱਤਰ ਹੈ। ਕਰਮਨਬੀਰ ਸਿੰਘ ਜੀਆ ਲਾਲ ਮਿੱਤਲ ਡੀਏਵੀ ਸਕੂਲ ਗੁਰਦਾਸਪੁਰ ਵਿਖੇ ਦੂਸਰੀ ਜਮਾਤ ਦਾ ਵਿਦਿਆਰਥੀ ਹੈ ਜਿਸ ਦੀ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ, ਸਮਾਜਕ ਸੰਸਥਾਵਾਂ, ਸਿਖਿਆ ਅਤੇ ਬੁੱਧੀਜੀਵੀ ਵਰਗ ਵਲੋਂ ਬੱਚੇ ਦੀ ਇਸ ਕਾਬਲ-ਏ-ਤਾਰੀਫ਼ ਉਪਲਬਧੀ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨੰਨੇ ਬੱਚੇ ਦੀ ਕਾਮਯਾਬੀ ਨੇ ਸਾਬਤ ਕਰ ਦਿਤਾ ਹੈ ਕਿ ਸਹੀ ਮਾਰਗਦਰਸ਼ਨ, ਪ੍ਰਵਾਰਕ ਸਹਿਯੋਗ ਅਤੇ ਲਗਨ ਨਾਲ ਛੋਟੀ ਉਮਰ ਵਿਚ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਇਹ ਉਪਲਬਧੀ ਨਾ ਸਿਰਫ਼ ਬੱਚਿਆਂ ਲਈ, ਸਗੋਂ ਪੂਰੇ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਇਕ ਵੱਡੀ ਪ੍ਰੇਰਣਾ ਹੈ। ਇਸ ਮੌਕੇ ਬੱਚੇ ਦੇ ਪ੍ਰਵਾਰਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਦਸਿਆ ਕਿ ਬੱਚੇ ਨੂੰ ਪੜ੍ਹਾਈ ਅਤੇ ਯਾਦਸ਼ਕਤੀ ਵਧਾਉਣ ਵਾਲੀਆਂ ਗਤੀਵਿਧੀਆਂ ਵਲ ਹਮੇਸ਼ਾ ਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ। ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਇਹ ਸਫ਼ਲਤਾ ਬੱਚੇ ਦੀ ਮਿਹਨਤ ਅਤੇ ਸਾਰੇ ਪ੍ਰਵਾਰ ਦੇ ਸਹਿਯੋਗ ਦਾ ਨਤੀਜਾ ਹੈ।

Leave a Reply

Your email address will not be published. Required fields are marked *