ਟ੍ਰੈਫ਼ਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਭੇਂਟ ਕੀਤੇ ਹੈਲਮਟ ਤੇ ਫੁੱਲ


ਫਤਿਹਗੜ੍ਹ ਸਾਹਿਬ, 22 ਜਨਵਰੀ (ਮੜਕਨ) : ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਸਰਹਿੰਦ ਜੋਤੀ ਸਰੂਪ ਮੋੜ ਨੇੜੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਦੋਪਹੀਆ ਵਾਹਨ ਚਾਲਕਾਂ ਨੂੰ ਮੁਫਤ ਹੈਲਮਟ ਵੰਡੇ ਗਏ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਸੁਰੱਖਿਆ ਜਾਗਰੂਕਤਾ ਨੂੰ ਵਧਾਉਣਾ ਤੇ ਦੋਪਹੀਆ ਵਾਹਨ ਸਵਾਰਾਂ ਅਤੇ ਪਿਲੀਅਨ ਸਵਾਰਾਂ ਵਿਚਕਾਰ ਹੈਲਮਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਡੀਐਸਪੀ ਇੰਦਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ, ਜਰੂਰਤਮੰਦਾਂ ਨੂੰ ਹੈਲਮਟ ਵੰਡੇ ਜਾ ਰਹੇ ਹਨ ਅਤੇ ਵਾਹਨ ਚਾਲਕਾਂ ਨੂੰ ਫੁੱਲ ਵੀ ਭੇਂਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੈਲਮਟ ਸਿਰ ਤੇ ਬੋਝ ਨਹੀਂ, ਸਗੋਂ ਇਹ ਸੁਰੱਖਿਆ ਲਈ ਹੈ, ਇਹ ਸਿਰਫ ਸਲੋਗਨ ਨਹੀਂ, ਹਾਦਸਿਆਂ ਵਿਚ ਜੀਵਨ ਬਚਾਉਣ ਦਾ ਮੰਤਰ ਹੈ। ਹੈਲਮਟ ਪਾਉਣ ਨਾਲ ਲਗਭਗ 70 ਫੀਸਦੀ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ, ਦੋ ਪਹੀਆਂ ਵਾਹਨ ਚਲਾਉਣ ਵਾਲੇ ਤੇ ਪਿੱਛੇ ਬੈਠਣ ਵਾਲੇ ਦੋਵਾਂ ਲੋਕਾਂ ਨੂੰ ਹੀ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਆਈਐੱਸਆਈ ਮਾਰਕਾ ਹੈਲਮਟ ਹੀ ਪਾਉਣਾ ਚਾਹੀਦਾ ਹੈ, ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਹੋ ਸਕੇ ਅਤੇ ਲੋਕਾਂ ਦੀ ਕੀਮਤੀ ਜਾਨਾਂ ਬਚ ਸਕਣ। ਇਸ ਮੌਕੇ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਫੁੱਲ ਦਿੱਤੇ ਗਏ ਅਤੇ ਵਾਹਨਾ ਦੇ ਉੱਪਰ ਰਿਫਲੈਕਟਰ ਵੀ ਲਗਾਏ।ਉਨ੍ਹਾਂ ਦਸਿਆ ਕਿ ਉਹਨਾਂ ਵਲੋਂ ਸੜਕ ਸੁਰੱਖਿਆ ਦੇ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ 400 ਦੇ ਕਰੀਬ ਸੈਮੀਨਾਰ ਲਗਾਏ ਗਏ ਹਨ। ਉਥੇ ਹੀ ਪਿਛਲੇ ਸਾਲ 72 ਹਜਾਰ ਦੇ ਕਰੀਬ ਚਲਾਨ ਕੱਟੇ ਗਏ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਵਲੋਂ ਸੜਕ ਸੁਰੱਖਿਆ ਨਿਯਮਾ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਫੁੱਲ ਭੇਂਟ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਹੈ, ਉਥੇ ਹੀ ਜਰੂਰਤਮੰਦ ਲੋਕਾਂ ਹੈਲਮਟ ਵੀ ਦਿੱਤੇ ਜਾ ਰਹੇ ਹਨ। ਇਸ ਮੌਕੇ ਟਰੈਫਿਕ ਪੁਲਿਸ ਸਰਹੰਦ ਦੇ ਇੰਚਾਰਜ ਰਾਜਵਿੰਦਰ ਸਿੰਘ, ਸਹਾਇਕ ਥਾਣੇਦਾਰ ਕਪਿਲ ਕੁਮਾਰ ਅਤੇ ਹੋਰ ਹਾਜ਼ਰ ਸਨ।
