ਦਾਵੋਸ ‘ਚ ਟਰੰਪ ਦੇ ਭਾਸ਼ਣ ਮਗਰੋਂ ਯੂਰਪੀਅਨ ਸੰਸਦ ਦਾ ਵੱਡਾ ਫ਼ੈਸਲਾ

0
Screenshot 2026-01-21 231420

ਯੂਰਪੀਅਨ ਯੂਨੀਅਨ-ਅਮਰੀਕਾ ਵਪਾਰਕ ਸਮਝੌਤੇ ‘ਤੇ ਲਗਾਈ ਰੋਕ

ਦਾਵੋਸ, 21 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਗ੍ਰੀਨਲੈਂਡ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਯੂਰਪ ਅਤੇ ਅਮਰੀਕਾ ਵਿਚਕਾਰ ਤਣਾਅ ਵਧਾ ਦਿੱਤਾ ਹੈ। ਟਰੰਪ ਦਾਵੋਸ ਵਿੱਚ ਵੀ ਗ੍ਰੀਨਲੈਂਡ ਮੁੱਦੇ ‘ਤੇ ਰੱਜ ਕੇ ਬੋਲੇ। ਨਤੀਜੇ ਵਜੋਂ ਯੂਰਪੀਅਨ ਸੰਸਦ ਨੇ ਇੱਕ ਵੱਡਾ ਫੈਸਲਾ ਕਰਦਿਆਂ ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿਤੀ ਹੈ। ਦਰਅਸਲ ਦਾਵੋਸ ਵਿੱਚ ਟਰੰਪ ਦਾ ਸੰਬੋਧਨ ਭਾਸ਼ਣ ਘੱਟ ਅਤੇ ਧਮਕੀ ਵਰਗਾ ਜ਼ਿਆਦਾ ਮਹਿਸੂਸ ਹੋ ਰਿਹਾ ਸੀ। ਟਰੰਪ ਦੀ ਬੋਲਬਾਣੀ ਤੇ ਭਾਸ਼ਣ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਕਿ ਉਹ ਗ੍ਰੀਨਲੈਂਡ ਵਿਵਾਦ ‘ਤੇ ਕਿਸੇ ਦੀ ਗੱਲ ਨਹੀਂ ਸੁਣਨਗੇ। ਨਤੀਜੇ ਵਜੋਂ ਯੂਰਪੀਅਨ ਸੰਸਦ ਨੇ ਇਹ ਕਾਰਵਾਈ ਕੀਤੀ ਹੈ। ਯੂਰਪੀਅਨ ਸੰਸਦ ਦੇ ਇੱਕ ਮੈਂਬਰ ਅਨੁਸਾਰ ਦਾਵੋਸ ਵਿੱਚ ਟਰੰਪ ਨੇ ਇੱਕ ਵਾਰ ਫਿਰ ਗ੍ਰੀਨਲੈਂਡ ‘ਤੇ ਨਿਯੰਤਰਣ ਦੀ ਆਪਣੀ ਮੰਗ ਨੂੰ ਦੁਹਰਾਇਆ ਤੇ ਇਸ ਯੋਜਨਾ ਦਾ ਵਿਰੋਧ ਕਰਨ ਵਾਲੇ ਯੂਰਪੀਅਨ ਸਹਿਯੋਗੀਆਂ ‘ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਗ੍ਰੀਨਲੈਂਡ ਡੈਨਮਾਰਕ ਦਾ ਇੱਕ ਅਰਧ-ਖੁਦਮੁਖਤਿਆਰ ਖੇਤਰ ਹੈ ਅਤੇ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇਸ਼ ਇਸ ‘ਤੇ ਅਮਰੀਕਾ ਦੇ ਕਬਜ਼ਾ ਕਰਨ ਦੇ ਰੁਖ਼ ਤੋਂ ਨਾਰਾਜ਼ ਹਨ। ਸੰਸਦ ਦਾ ਮੰਨਣਾ ਹੈ ਕਿ ਅਜਿਹੇ ਬਿਆਨਾਂ ਦੇ ਵਿਚਕਾਰ ਵਪਾਰ ਸਮਝੌਤੇ ਨੂੰ ਅੱਗੇ ਵਧਾਉਣਾ ਅਣਉਚਿਤ ਹੋਵੇਗਾ। ਯੂਰਪੀਅਨ ਸੰਸਦ ਇੱਕ ਵਪਾਰ ਪੈਕੇਜ ‘ਤੇ ਚਰਚਾ ਕਰ ਰਹੀ ਸੀ ਜਿਸ ਵਿੱਚ ਅਮਰੀਕੀ ਉਤਪਾਦਾਂ ‘ਤੇ ਕਈ ਯੂਰਪੀਅਨ ਯੂਨੀਅਨ ਦੇ ਆਯਾਤ ਟੈਰਿਫ ਹਟਾਉਣ ਦੇ ਪ੍ਰਸਤਾਵ ਸ਼ਾਮਲ ਹਨ। ਇਹ ਸਮਝੌਤਾ ਪਿਛਲੇ ਸਾਲ ਜੁਲਾਈ ਦੇ ਅੰਤ ਵਿੱਚ ਟਰਨਬੇਰੀ, ਸਕਾਟਲੈਂਡ ਵਿੱਚ ਹੋਇਆ ਸੀ। ਇਸ ਸਮਝੌਤੇ ਵਿਚ ਅਮਰੀਕਾ ਤੋਂ ਕਈ ਉਤਪਾਦਾਂ ‘ਤੇ ਯੂਰਪੀਅਨ ਯੂਨੀਅਨ ਦੇ ਆਯਾਤ ਟੈਰਿਫ ਨੂੰ ਖਤਮ ਕਰਨਾ। ਅਮਰੀਕੀ ਝੀਂਗਾ ਆਯਾਤ ‘ਤੇ ਜ਼ੀਰੋ-ਡਿਊਟੀ ਦੀ ਮਿਆਦ ਨੂੰ ਵਧਾਉਣਾ, ਜੋ ਕਿ 2020 ਵਿੱਚ ਸ਼ੁਰੂ ਹੋਇਆ ਸੀ। ਦੋਵਾਂ ਧਿਰਾਂ ਵਿਚਕਾਰ ਵਪਾਰ ਨੂੰ ਆਸਾਨ ਅਤੇ ਸਸਤਾ ਬਣਾਉਣਾ ਆਦਿ ਸ਼ਾਮਲ ਸੀ। ਇਨ੍ਹਾਂ ਸਾਰੇ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਯੂਰਪੀਅਨ ਸੰਸਦ ਅਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੀ ਪ੍ਰਵਾਨਗੀ ਜ਼ਰੂਰੀ ਹੈ। ਸੰਸਦ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਜਦੋਂ ਤੱਕ ਅਮਰੀਕਾ ਗ੍ਰੀਨਲੈਂਡ ਅਤੇ ਟੈਰਿਫ ‘ਤੇ ਆਪਣਾ ਰੁਖ਼ ਸਪੱਸ਼ਟ ਅਤੇ ਨਰਮ ਨਹੀਂ ਕਰਦਾ, ਇਸ ਸਮਝੌਤੇ ‘ਤੇ ਅੱਗੇ ਵਧਣਾ ਮੁਸ਼ਕਲ ਹੋਵੇਗਾ। ਸੰਸਦ ਦਾ ਮੰਨਣਾ ਹੈ ਕਿ ਦਬਾਅ ਅਤੇ ਧਮਕੀਆਂ ਦੇ ਮਾਹੌਲ ਵਿੱਚ ਕੋਈ ਵੀ ਵਪਾਰਕ ਭਾਈਵਾਲੀ ਟਿਕਾਊ ਨਹੀਂ ਹੋ ਸਕਦੀ।

Leave a Reply

Your email address will not be published. Required fields are marked *