ਸਟੇਜ ਸਕੱਤਰ ਨੇ ਵਿੱਤ ਮੰਤਰੀ ਚੀਮਾ ਦੀ ਮੌਜੂਦਗੀ ‘ਚ ਪੰਜਾਬ ਸਰਕਾਰ ਦੀ ਕੀਤੀ ਕਿਰਕਿਰੀ!

0
Screenshot 2026-01-20 184449

ਕਿਹਾ, ਚੀਮਾ ਸਾਹਿਬ, ਪਿਛਲੀ ਵਾਰ ਤੁਸੀਂ 20 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰ ਗਏ ਸੀ, ਅੱਜ ਤੱਕ ਨਹੀਂ ਪਹੁੰਚੀ

ਬਰਨਾਲਾ/ਠੀਕਰੀਵਾਲਾ, 21 ਜਨਵਰੀ (ਜਤਿੰਦਰ ਦੇਵਗਨ) : ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਉਸ ਸਮੇਂ ਮਹੌਲ ਗਰਮਾ ਗਿਆ, ਜਦੋਂ ਮੰਚ ਸੰਚਾਲਨ ਕਰ ਰਹੇ ਸਟੇਜ ਸਕੱਤਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਸਟੇਜ ਉੱਤੇ ਬੈਠੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੌੜਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਮੌਜੂਦਗੀ ਚ ਸਰਕਾਰ ਦੀ ਜੰਮਕੇ ਕਿਰਕਿਰੀ ਕਰ ਦਿੱਤੀ। ਇੰਨਾ ਆਗੂਆਂ ਦੀ ਮੌਜੂਦਗੀ ਮੰਚ ਸੰਚਾਲਕ ਸੁਰਜੀਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਤ ਮੰਤਰੀ “ਚੀਮਾ ਸਾਹਿਬ, ਪਿਛਲੀ ਵਾਰ ਤੁਸੀਂ ਸ਼ਹੀਦ ਦੇ ਘਰ ਨੂੰ ‘ਅਜੂਬਾ’ (ਯਾਦਗਾਰ) ਬਣਾਉਣ ਲਈ 20 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਕੇ ਗਏ ਸੀ, ਪਰ ਉਹ ਗ੍ਰਾਂਟ ਅੱਜ ਤੱਕ ਸ਼ਹੀਦ ਦੇ ਘਰ ਤੱਕ ਨਹੀਂ ਪਹੁੰਚੀ। ਉਹ ਐਲਾਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ।ਸਟੇਜ ਸਕੱਤਰ ਨੇ ਦੋਸ਼ ਲਾਇਆ ਕਿ ਭਾਵੇਂ ਸਰਕਾਰ ਦਾਅਵਾ ਕਰੇ ਕਿ ਗ੍ਰਾਂਟ ਰਿਲੀਜ਼ ਕਰ ਦਿੱਤੀ ਗਈ ਹੈ, ਪਰ ਜ਼ਮੀਨੀ ਪੱਧਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਮਕਾਨ ਦੀ ਦਸ਼ਾ ਸੁਧਾਰਨ ਲਈ ਇੱਕ ਫੁੱਟੀ ਕੌਡੀ ਵੀ ਜਾਰੀ ਨਹੀਂ ਕੀਤੀ। ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰ ਦੀ ਬੇਰੁਖ਼ੀ ਦੇ ਚੱਲਦਿਆਂ ਪਿੰਡ ਦੇ ਸਰਪੰਚ ਨੇ ਆਪਣੀ ਜੇਬ ਵਿੱਚੋਂ ਹੁਣ ਤੱਕ 12 ਲੱਖ ਰੁਪਏ ਖਰਚ ਕਰਕੇ ਸ਼ਹੀਦ ਦੇ ਘਰ ਦੀ ਮੁਰੰਮਤ ਦਾ ਕੰਮ ਕਰਵਾਇਆ ਹੈ।ਇੰਨਾ ਹੀ ਨਹੀਂ ਸੁਰਜੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਇਸ ਵਾਰ ਤਾਂ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਘੋਸ਼ਿਤ ਕਰਨ ਵਿੱਚ ਵੀ ਸਰਕਾਰ ਨੇ ਭਾਰੀ ਆਨਾਕਾਨੀ ਕੀਤੀ। ਕਾਫੀ ਦਬਾਅ ਅਤੇ ਯਤਨਾਂ ਤੋਂ ਬਾਅਦ ਰਾਤ ਨੂੰ 8:00 ਵਜੇ ਛੁੱਟੀ ਦੀ ਘੋਸ਼ਣਾ ਕੀਤੀ ਗਈ, ਜੋ ਸਰਕਾਰ ਦੀ ਸ਼ਹੀਦ ਪ੍ਰਤੀ ਸੰਵੇਦਨਹੀਣਤਾ ਨੂੰ ਦਰਸਾਉਂਦੀ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 20 ਲੱਖ ਰੁਪਏ ਦੀ ਰਾਸ਼ੀ ਅਗਲੇ ਹੀ ਦਿਨ ਰਿਲੀਜ਼ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ, “ਵਿਚਕਾਰ ਕੀ ਤਕਨੀਕੀ ਦਿੱਕਤ ਰਹੀ ਜਾਂ ਪ੍ਰਸ਼ਾਸਨ ਦੇ ਪੱਧਰ ‘ਤੇ ਕੀ ਦੇਰੀ ਹੋਈ, ਇਸ ਬਾਰੇ ਮੈਂ ਤੁਰੰਤ ਡੀ.ਸੀ. ਬਰਨਾਲਾ ਨਾਲ ਗੱਲ ਕਰਾਂਗਾ।” ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਦੇ ਘਰ ਨੂੰ ਯਾਦਗਾਰ ਬਣਾਉਣ ਲਈ ਜੋ ਵੀ ਵਾਧੂ ਬਜਟ ਚਾਹੀਦਾ ਹੈ, ਉਸ ਦਾ ਐਸਟੀਮੇਟ ਬਣਾ ਕੇ ਭੇਜਿਆ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਐਸਟੀਮੇਟ ਮਿਲਣ ਦੇ ਦੋ ਦਿਨਾਂ ਦੇ ਅੰਦਰ ਹੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਕੁੱਲ ਮਿਲਾਕੇ ਸਟੇਜ ਸਕੱਤਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਮੰਚ ਉੱਤੇ ਬੈਠੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੌੜਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਵਿੱਚ ਆਪ ਸਰਕਾਰ ਦੀ ਕਿਰਕਿਰੀ ਕਰ ਦਿੱਤੀ। ਜਦ ਕਿ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੰਚ ਸੰਚਾਲਕ ਸੁਰਜੀਤ ਸਿੰਘ ਠੀਕਰੀਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੇਜਰ ਹੈ ਜਿਸ ਨੇ ਜਾਣਬੁੱਝ ਕੇ ਆਪ ਸਰਕਾਰ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ। ਜਦ ਕਿ ਦੁਬਾਰਾ ਸੰਪਰਕ ਕਰਨ ਉਤੇ ਮੰਚ ਸੰਚਾਲਕ ਸੁਰਜੀਤ ਸਿੰਘ ਠੀਕਰੀਵਾਲਾ ਨੇ ਫਿਰ ਦੁਹਰਾਇਆ ਕਿ ਪਿਛਲੀ ਵਾਰ ਐਲਾਨੀ ਵੀਹ ਲੱਖ ਦੀ ਰਾਸ਼ੀ ਵਿੱਚੋਂ ਉਨ੍ਹਾਂ ਨੂੰ ਅਜੇ ਤੱਕ ਫ਼ੁੱਟੀ ਕੌਡੀ ਵੀ ਨਹੀਂ ਮਿਲੀ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਲਕੁਲ ਸੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਗੈਰਾ ਦੀ ਹਾਜ਼ਰੀ ਵਿੱਚ ਬੋਲੇ, ਓਨਾਂ ਨੂੰ ਸੱਚ ਬੋਲਣ ਉਤੇ ਕਿਸੇ ਦਾ ਕੋਈ ਡਰ ਨਹੀਂ ਹੈ।

Leave a Reply

Your email address will not be published. Required fields are marked *