ਮਾਲੇਰਕੋਟਲਾ ‘ਚ ਅਕਾਲੀ ਦਲ ਦੀ ਜ਼ਬਰਦਸਤ ਚੜ੍ਹਤ, ਸਭ ਤੋਂ ਵੱਧ ਬਲਾਕ ਸੰਮਤੀਆਂ ਜਿੱਤੀਆਂ

0
Screenshot 2025-12-17 193315

ਵੋਟ ਪ੍ਰਤੀਸ਼ਤ ਵਿਚ ਆਇਆ ਵੱਡਾ ਉਛਾਲ, ਝਾੜੂ ਨੂੰ ਕੀਤਾ ਤੀਲਾ-ਤੀਲਾ

ਮਾਲੇਰਕੋਟਲਾ, 17 ਦਸੰਬਰ (ਮੂਨਸ਼ੀ ਫ਼ਾਰੁਕ) : ਵਿਧਾਨ ਸਭਾ ਹਲਕਾ ਮਾਲੇਰੋਕਟਲਾ ਦੀਆਂ 15 ਬਲਾਕ ਸੰਮਤੀਆਂ ਵਿਚੋਂ 6 ਉਤੇ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਲੜੀਆਂ ਗਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਦੀ ਵੋਟ ਦਰ ਵਿਚ ਆਈ ਖੜੋਤ ਮੁਕੰਮਲ ਰੂਪ ਵਿਚ ਟੁੱਟ ਗਈ ਹੈ ਅਤੇ ਪਾਰਟੀ ਅਚੰਭਿਤ ਪ੍ਰਦਰਸ਼ਨ ਕਰਦਿਆਂ ਬਲਾਕ ਸੰਮਤੀ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ। ਹਾਲਾਂਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨ ਸੀਟਾਂ ਵਿਚੋਂ ਅਕਾਲੀ ਦਲ ਨੂੰ ਕੋਈ ਹਾਸਲ ਨਹੀਂ ਹੋਈ ਪਰ ਸੱਤਾਧਾਰੀ ਪਾਰਟੀ ਨੂੰ ਜ਼ਬਰਦਸਤ ਟੱਕਰ ਦਿੰਦਿਆਂ ਸ਼ਾਨਦਾਰ ਵੋਟ ਦਰ ਹਾਸਲ ਕੀਤਾ ਹੈ। ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਉਤੇ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਉਤੇ ਰਿਹਾ ਹੈ ਅਤੇ ਜਿਹੜੀਆਂ ਹਾਰਾਂ ਵੀ ਹੋਈਆਂ ਹਨ, ਉਨ੍ਹਾਂ ਦਾ ਫ਼ਰਕ ਬਹੁਤ ਘੱਟ ਹੈ। 6 ਬਲਾਕ ਸੰਮਤੀਆਂ ਜਿੱਤਣ ਤੋਂ ਬਾਅਦ ਆਗੂਆਂ ਅਤੇ ਵਰਕਰਾਂ ਅੰਦਰ ਇਕ ਨਵਾਂ ਜੋਸ਼ ਵੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅੱਜ ਦੇ ਚੋਣ ਨਤੀਜਿਆਂ ਨੇ ਸਪੱਸ਼ਟ ਸੰਕੇਤ ਦਿਤਾ ਹੈ ਕਿ ਨਗਰ ਕੌਂਸਲ ਮਾਲੇਰਕੋਟਲਾ ਅਤੇ ਮਾਲੇਰਕੋਟਲਾ ਵਿਧਾਨ ਸਭਾ ਚੋਣਾਂ ਅਕਾਲੀ ਦਲ ਜਿੱਤੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਧੱਕੇ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਸੱਭ ਤੋਂ ਜ਼ਿਆਦਾ ਬਲਾਕ ਸੰਮਤੀਆਂ ਜਿੱਤਣ ਵਿਚ ਸਫ਼ਲ ਰਿਹਾ ਹੈ। ਜੇ ਧੱਕਾ ਨਾ ਹੁੰਦਾ ਤਾਂ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ 15 ਬਲਾਕ ਸੰਮਤੀਆਂ ਉਤੇ ਹੀ ਅਕਾਲੀ ਦਲ ਦੀ ਜਿੱਤ ਹੋਣੀ ਸੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕਿਤੇ ਕਾਂਗਰਸ ਨਹੀਂ ਸੀ ਅਤੇ ਕਿਤੇ ਆਮ ਆਦਮੀ ਪਾਰਟੀ ਪਾਰਟੀ ਨਹੀਂ ਸੀ ਪਰ ਅਕਾਲੀ ਦਲ ਹਰ ਥਾਂ ਸੀ। ਮੁਕਾਬਲਾ ਵੀ ਅਕਾਲੀ ਦਲ ਨੇ ਕੀਤਾ ਅਤੇ ਸਭ ਤੋਂ ਜ਼ਿਆਦਾ ਜਿੱਤਾਂ ਵੀ ਅਕਾਲੀ ਦਲ ਨੇ ਦਰਜ ਕੀਤੀਆਂ ਹਨ। ਬੀਬਾ ਜ਼ਾਹਿਦਾ ਸੁਲੇਮਾ ਨੇ ਕਿਹਾ ਕਿ ਇਸ ਨਤੀਜੇ ਨਾਲ ਨਿੱਜੀ ਤੌਰ ਤੇ ਉਨ੍ਹਾਂ ਦੇ ਹੌਸਲੇ ਬਹੁਤ ਬੁਲੰਦ ਹੋਏ ਹਨ। ਉਹ ਹੋਰ ਮਿਹਨਤ ਕਰਨਗੇ ਅਤੇ ਆਉਣ ਵਾਲੀਆਂ ਮਾਲੇਰਕੋਟਲਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਨਗਰ ਕੌਂਸਲ ਉਤੇ ਤੱਕੜੀ ਦਾ ਝੰਡਾ ਲਹਿਰਾਇਆ ਜਾਵੇਗਾ। ਅਕਾਲੀ ਦਲ ਦੇ ਲੀਡਰਾਂ ਅਤੇ ਵਰਕਰਾਂ ਨੇ ਬਹੁਤ ਮਿਹਨਤ ਅਤੇ ਜੋਸ਼ ਨਾਲ ਚੋਣਾਂ ਲੜੀਆਂ ਹਨ। ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਧਾਈ ਦਿਤੀ ਅਤੇ 2027 ਲਈ ਹਲਕਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ ਜਿਹੜੇ ਮਹਿਜ ਚੰਦ ਵੋਟਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਫ਼ਿਰੋਜ਼ਪੁਰ-ਕੁਠਾਲਾ ਸੀਟ ਹਾਰੇ ਹਨ, ਨੇ ਕਿਹਾ ਕਿ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ ਅਤੇ ਪੰਜਾਬੀਆਂ ਅਤੇ ਪੰਥ ਦੀ ਪਾਰਟੀ ਦੀ ਚੜ੍ਹਦੀਕਲਾ ਹੋਈ ਹੈ। ਅਕਾਲੀ ਦਲ ਵਿਧਾਨ ਸਭਾ ਚੋਣਾਂ ਸ਼ਾਨ ਨਾਲ ਜਿੱਤੇਗਾ। ਜ਼ਿਕਰਯੋਗ ਹੈ ਕਿ ਇਸ ਹਲਕੇ ਉਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦਾ ਕਾਫ਼ੀ ਅਸਰ ਮੰਨਿਆ ਜਾਂਦਾ ਸੀ ਪਰ ਇਨ੍ਹਾਂ ਚੋਣਾਂ ਵਿਚ ਕਿਤੇ ਵੀ ਢੀਂਡਸਾ-ਝੂੰਦਾਂ ਦਾ ਅਸਰ ਨਜ਼ਰ ਨਹੀਂ ਆਇਆ। ਮਲੇਰਕੋਟਲਾ ਹਲਕੇ ਵਿਚ ਢੀਂਡਸਾ-ਝੂੰਦਾਂ ਤਾਂ ਅਪਣੇ ਉਮੀਦਵਾਰ ਵੀ ਨਹੀਂ ਉਤਾਰ ਸਕੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਅਪਣੀ ਨਵੀਂ ਟੀਮ ਖੜੀ ਕਰਕੇ, ਅਕਾਲੀ ਦਲ ਦੇ ਸਮੁੱਚੇ ਕਾਡਰ ਨੂੰ ਇਕਜੁਟ ਕਰਨ ਦੇ ਨਾਲ-ਨਾਲ ਸਿਆਸਤ ਦੀਆਂ ਨਵੀਆਂ ਉਚਾਈਆਂ ਸਰ ਕੀਤੀਆਂ ਹਨ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ ਅਤੇ ਚੌਧਰੀ ਮੁਹੰਮਦ ਸ਼ਮਸ਼ਾਦ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ 33 ਵਿਚੋਂ 33 ਵਾਰਡਾਂ ਅੰਦਰ ਜਿੱਤ ਦਰਜ ਕਰੇਗਾ। ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਅਜਮਾ ਚੁੱਕੇ ਹਨ, ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਅਕਾਲੀ ਦਲ ਹੀ ਗ਼ਰੀਬ ਵਰਗ ਦੀ ਲੜਾਈ ਲੜ ਸਕਦਾ ਹੈ।

Leave a Reply

Your email address will not be published. Required fields are marked *