ਆਪ ਸਰਕਾਰ ਦੇ ਸਿਰਫ਼ 6 ਮਹੀਨੇ ਬਾਕੀ : ਸੁਖਬੀਰ ਬਾਦਲ

ਗਿੱਦੜਬਾਹਾ ਵਿਚ ਕੀਤਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ

(ਨਿਊਜ਼ ਟਾਊਨ ਨੈਟਵਰਕ)
ਗਿੱਦੜਬਾਹਾ, 11 ਦਸੰਬਰ : ਗਿੱਦੜਬਾਹਾ ਇਲਾਕੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ ਵਿਚ ਲਗਾਤਾਰ ਚੋਣ ਜਲਸੇ ਕੀਤੇ ਜਾ ਰਹੇ ਹਨ। ਜਿਥੇ ਵੀ ਜਲਸੇ ਕੀਤੇ ਜਾ ਰਹੇ ਹਨ, ਉਥੇ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਇਹ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਇਲਾਕੇ ਵਿਚ ਅਕਾਲੀ ਦਲ ਦੇ ਹੱਕ ਵਿਚ ਮਜ਼ਬੂਤ ਲਹਿਰ ਬਣਦੀ ਦਿਖ ਰਹੀ ਹੈ। ਸੁਖਬੀਰ ਸਿੰਘ ਬਾਦਲ ਦੇ ਗਿੱਦੜਬਾਹਾ ਤੋਂ ਚੋਣ ਲੜਨ ਦੇ ਐਲਾਨ ਨੇ ਅਕਾਲੀ ਵਰਕਰਾਂ ਵਿਚ ਨਵੀਂ ਉਮੀਦ ਤੇ ਨਵਾਂ ਜੋਸ਼ ਭਰ ਦਿਤਾ ਹੈ। ਚੋਣ ਪ੍ਰਚਾਰ ਦੀ ਕਮਾਨ ਖ਼ੁਦ ਸੰਭਾਲਦਿਆਂ ਉਹ ਹਰ ਪਿੰਡ ਵਿਚ ਜਾ ਕੇ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਨੂੰ ਇਕੱਠਾ ਕਰ ਰਹੇ ਹਨ। ਕਰਾਈ ਵਾਲਾ, ਸੁਖਨਾ, ਅਬਲੂ, ਕੋਟਭਾਈ ਮੱਲਣ, ਕੌਣੀ ਤੇ ਦੋਦਾ ਵਰਗੇ ਪਿੰਡਾਂ ਵਿਚ ਹੋਏ ਜਲਸਿਆਂ ਨੇ ਚੋਣ ਮਾਹੌਲ ਨੂੰ ਗਰਮਾ ਦਿਤਾ ਹੈ। ਖ਼ਾਸ ਗੱਲ ਇਹ ਰਹੀ ਕਿ ਪਿੰਡ ਮੱਲਣ ਵਿਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਕਰਨ ਸਿੰਘ ਬਾਲੀ ਅਤੇ ਬਲਾਕ ਸੰਮਤੀ ਉਮੀਦਵਾਰ ਸੰਦੀਪ ਕੌਰ ਦੇ ਹੱਕ ਵਿਚ ਹੋਏ ਚੋਣ ਸਮਾਗਮ ਵਿਚ ਲੋਕਾਂ ਦਾ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਦੀ ਭਾਰੀ ਹਾਜ਼ਰੀ ਨੇ ਸਪਸ਼ਟ ਕਰ ਦਿਤਾ ਕਿ ਅਕਾਲੀ ਦਲ ਨੂੰ ਲੋਕਾਂ ਦਾ ਭਰੋਸਾ ਮੁੜ ਮਿਲ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਭਾਸ਼ਣ ਦੌਰਾਨ ਕਿਹਾ ਕਿ ਲੋਕ ਕਾਂਗਰਸ ਅਤੇ ਝਾੜੂ ਪਾਰਟੀ ਦੋਵਾਂ ਨੂੰ ਅਜ਼ਮਾ ਚੁੱਕੇ ਹਨ ਪਰ ਦੋਹਾਂ ਸਰਕਾਰਾਂ ਨੇ ਪੰਜਾਬ ਲਈ ਕੋਈ ਢੰਗ ਦੀ ਨੀਤੀ ਜਾਂ ਵਿਕਾਸਕਾਰੀ ਕਦਮ ਨਹੀਂ ਚੁੱਕਿਆ। ਉਹਨਾਂ ਨੇ ਕਿਹਾ ਕਿ ਝਾੜੂ ਪਾਰਟੀ ਦੀ ਸਰਕਾਰ ਦੇ ਕੇਵਲ 6 ਮਹੀਨੇ ਬਾਕੀ ਹਨ ਅਤੇ ਇਹਨਾਂ ਮਹੀਨਿਆਂ ਵਿਚ ਵੀ ਕੋਈ ਤਬਦੀਲੀ ਜਾਂ ਲਾਭਦਾਇਕ ਕੰਮ ਹੋਣ ਦੀ ਉਮੀਦ ਨਹੀਂ ਹੈ। ਸੁਖਬੀਰ ਬਾਦਲ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇ ਕੇ ਪੰਜਾਬ ਦਾ ਵਿਕਾਸ ਮੁੜ ਪਟੜੀ ‘ਤੇ ਲਿਆਂਦਾ ਜਾ ਸਕਦਾ ਹੈ। ਉਹਨਾਂ ਨੇ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਆਉਣ ‘ਤੇ ਪੰਜਾਬ ਦੇ ਹਰ ਹਿੱਸੇ ਵਿਚ ਵਿਕਾਸ ਤੇ ਰੋਜ਼ਗਾਰ ਦੇ ਮੌਕੇ ਵਧਾਏ ਜਾਣਗੇ।
