SSP ਨੂੰ ਛੁੱਟੀ ਭੇਜਣ ਦੇ ਫ਼ੈਸਲੇ ਨੇ ਸਾਬਤ ਕੀਤਾ ਕਿ ਵਰੁਣ ਸ਼ਰਮਾ ਦੀ ਆਡੀਓ ਅਸਲੀ ਹੈ : ਸੁਖਬੀਰ ਬਾਦਲ

0
WhatsApp Image 2025-12-10 at 6.15.41 PM

ਲੋਕਾਂ ਨੂੰ ਅਪੀਲ, ਮਜੀਠੀਆ ਦੀ ਲੜਾਈ ਲੜਨ ਅਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ’ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ
ਕਿਹਾ, ਪਿਛਲੇ 60 ਸਾਲਾਂ ਵਿਚ ਕਾਂਗਰਸੀ ਮੁੱਖ ਮੰਤਰੀਆਂ ਅਤੇ ਭਗਵੰਤ ਮਾਨ ਨੇ ਪੰਜਾਬ ਲਈ ਕੁਝ ਨਹੀਂ ਕੀਤਾ


(ਨਿਊਜ਼ ਟਾਊਨ ਨੈਟਵਰਕ)


ਮਜੀਠਾ, 10 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜਣ ਦੇ ਫ਼ੈਸਲੇ ਨੇ ਸਾਬਤ ਕਰ ਦਿਤਾ ਹੈ ਕਿ ਉਹਨਾਂ ਦੀ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਸਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਪਹੁੰਚਣ ਤੋਂ ਰੋਕਣ ਵਾਸਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕੀਤੀ ਹਦਾਇਤ ਦੀ ਵਾਇਰਲ ਕਾਨਫ਼ਰੰਸ ਕਾਲ ਅਸਲੀ ਸੀ। ਇਥੇ ਪਾਰਟੀ ਦੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਦੇ ਨਾਲ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵਰੁਣ ਸ਼ਰਮਾ ਨੇ ਕਾਨੂੰਨ ਆਪਣੇ ਹੱਥਾਂ ਵਿਚ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਵਲੋਂ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਹੈ ਅਤੇ ਯਕੀਨੀ ਬਣਾਇਆ ਹੈ ਕਿ ਐਸ.ਐਸ.ਪੀ. ਵਿਰੁਧ ਫ਼ੌਜਦਾਰੀ ਕੇਸ ਦਰਜ ਹੋਵੇ ਤੇ ਉਸ ਦੇ ਗ਼ੈਰ ਸੰਵਿਧਾਨਕ ਕੰਮਾਂ ਵਾਸਤੇ ਉਸ ਨੂੰ ਜੇਲ ਹੋਵੇ। ਸ. ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੇਲੇ ਸ. ਬਿਕਰਮ ਸਿੰਘ ਮਜੀਠੀਆ ਝੂਠੇ ਕੇਸ ਵਿਚ ਜੇਲ ਵਿਚ ਬੰਦ ਹਨ, ਉਸ ਵੇਲੇ ਮਜੀਠੀਆ ਪਰਿਵਾਰ ਦੀ ਹਮਾਇਤ ਕੀਤੀ ਜਾਵੇ ਅਤੇ ਕਿਹਾ ਕਿ ਬਿਕਰਮ ਤੁਹਾਡੇ ਵਾਸਤੇ ਲੜਦਾ ਸੀ। ਉਸ ਨੇ ਯਕੀਨੀ ਬਣਾਇਆ ਕਿ ਹਲਕੇ ਵਿਚ ਲਾਮਿਸਾਲ ਵਿਕਾਸ ਹੋਵੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਸ ਦੇ ਖਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੁੱਕਦਾ ਸੀ। ਉਹਨਾਂ ਕਿਹਾ ਕਿ ਜਿਵੇਂ ਬਾਦਲ ਪਰਿਵਾਰ ਖਿਲਾਫ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਬਾਦਲ ਪਰਿਵਾਰ ਬਰੀ ਹੋਇਆ, ਇਸੇ ਤਰੀਕੇ ਸ. ਮਜੀਠੀਆ ਵੀ ਬਰੀ ਹੋਣਗੇ। ਸ. ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ 4 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੇ ਨਾਲ-ਨਾਲ ਬਲਾਕ ਸੰਮਤੀ ਦੀਆਂ ਬਹੁ ਗਿਣਤੀ ਸੀਟਾਂ ’ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ। ਉਹਨਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਤਲਬੀਰ ਸਿੰਘ ਗਿੱਲ ਜਿਸ ਨੇ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਨੂੰ ਦੁਬਾਰਾ ਕਦੇ ਵੀ ਅਕਾਲੀ ਦਲ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੇ ਅਕਾਲੀ ਦਲ ਨੂੰ ਬਦਨਾਮ ਕੀਤਾ ਅਤੇ ਲੋਕਾਂ ਦੀ ਕੀਮਤ ’ਤੇ ਆਪਣੇ ਘਰ ਭਰੇ। ਉਹਨਾਂ ਨੇ ਮਜੀਠਾ ਦੇ ਡੀ.ਐਸ.ਪੀ. ਧਰਮਿੰਦਰ ਕਲਿਆਣ ਸਮੇਤ ਪੁਲਿਸ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿਚ ਪੱਖਪਾਤੀ ਰਵੱਈਆ ਨਾ ਅਪਣਾਉਣ ਅਤੇ ਜ਼ੋਰ ਦੇ ਕੇ ਕਿਹਾ ਕਿ ਜੇ ਉਹਨਾਂ ਨੇ ਅਜਿਹਾ ਕੀਤਾ ਤਾਂ ਫਿਰ ਉਹ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਲਈ ਤਿਆਰ ਰਹਿਣ। ਸ. ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਪਿਛਲੇ 60 ਸਾਲਾਂ ਦੌਰਾਨ ਕਾਂਗਰਸ ਦੇ ਚਾਰ ਮੁੱਖ ਮੰਤਰੀ ਰਹੇ ਜਿਹਨਾਂ ਵਿਚ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ। ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਉਹ ਇਕ ਵੀ ਅਜਿਹਾ ਕੰਮ ਗਿਣਾਉਣ ਜਿਹੜਾ ਉਹਨਾਂ ਨੇ ਕਿਸਾਨਾਂ ਜਾਂ ਗ਼ਰੀਬਾਂ ਵਾਸਤੇ ਕੀਤਾ ਹੋਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਹਾਲ ਭਗਵੰਤ ਮਾਨ ਦਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ 22 ਸਾਲਾਂ ਦੇ ਕਾਰਜਕਾਲ ਦੌਰਾਨ ਥਰਮਲ ਪਲਾਂਟ ਲਗਾਏ, ਯੂਨੀਵਰਸਿਟੀਆਂ, ਕੈਂਸਰ ਇੰਸਟੀਚਿਊਟ ਤੇ ਵਿਸ਼ਵ ਪੱਧਰੀ ਯਾਦਗਾਰਾਂ ਬਣਾਈਆਂ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਤੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਚਲਾਈਆਂ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਜਦੋਂ ਸਾਰਾ ਕੁਝ ਤਾਂ ਅਕਾਲੀ ਦਲ ਨੇ ਪ੍ਰਦਾਨ ਕੀਤਾ ਹੈ ਤਾਂ ਫਿਰ ਤੁਸੀਂ ਤਜਰਬੇ ਕਿਉਂ ਕਰ ਰਹੇ ਹੋ। ਤੁਸੀਂ ਅਕਾਲੀ ਦਲ ’ਤੇ ਵਿਸ਼ਵਾਸ ਕਰ ਕੇ ਪੰਜਾਬ ਨੂੰ ਬਚਾਉਣ ਦਾ ਸਾਨੂੰ ਮੌਕਾ ਦਿਉ।

Leave a Reply

Your email address will not be published. Required fields are marked *