ਲਾਹੌਰ ਹਾਈ ਕੋਰਟ ਨੇ ਪੁਲਿਸ ਨੂੰ ਸਰਬਜੀਤ ਕੌਰ ਨੂੰ ਤੰਗ ਨਾ ਕਰਨ ਦੇ ਦਿਤੇ ਹੁਕਮ

0
Screenshot 2025-11-19 161359

ਮੇਰੇ ਚੈਂਬਰ ‘ਚ ਹੀ ਮੌਲਵੀ ਨੇ ਕਰਵਾਇਆ ਸੀ ਧਰਮ ਪਰਿਵਰਤਨ : ਪਾਕਿਸਤਾਨੀ ਵਕੀਲ

ਲਾਹੌਰ, 19 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਕਪੂਰਥਲਾ ਦੀ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਅਪਣੇ ਪਾਕਿਸਤਾਨੀ ਪ੍ਰੇਮੀ ਨਾਸਿਰ ਹੂਸੈਨ ਨਾਲ ਵਿਆਹ ਕਰਵਾ ਲਿਆ ਹੈ, ਇਸ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਨੇ ਮੰਗਲਵਾਰ ਨੂੰ ਸਥਾਨਕ ਪੁਲਿਸ ਨੂੰ ਹੁਕਮ ਦਿੱਤਾ ਕਿ ਉਹ ਭਾਰਤੀ ਸਿੱਖ ਔਰਤ ਸਰਬਜੀਤ ਕੌਰ ਨੂੰ ਤੰਗ ਨਾ ਕਰੇ। ਸਰਬਜੀਤ ਦੇ ਅਨੁਸਾਰ ਲਾਹੌਰ ਪੁਲਿਸ ਉਸ ਨੂੰ ਉਦੋਂ ਤੋਂ ਹੀ ਪਰੇਸ਼ਾਨ ਕਰ ਰਹੀ ਹੈ ਜਦੋਂ ਤੋਂ ਉਸਨੇ ਇੱਕ ਪਾਕਿਸਤਾਨੀ ਆਦਮੀ ਨਾਲ ਵਿਆਹ ਕੀਤਾ ਹੈ। ਸਰਬਜੀਤ ਕੌਰ ਨੇ ਪੁਲਿਸ ਤੋਂ ਅੱਕ ਕੇ ਆ਼ਖਰ ਵਿੱਚ ਲਾਹੌਰ ਹਾਈ ਕੋਰਟ ਵਿੱਚ ਸ਼ਰਨ ਲਈ। ਆਪਣੀ ਪਟੀਸ਼ਨ ਵਿੱਚ ਜੋੜੇ ਨੇ ਦਾਅਵਾ ਕੀਤਾ ਕਿ ਪੁਲਿਸ ਉਨ੍ਹਾਂ ‘ਤੇ ਆਪਣਾ ਵਿਆਹ ਤੋੜਨ ਲਈ ਦਬਾਅ ਪਾ ਰਹੀ ਸੀ। ਲਾਹੌਰ ਹਾਈ ਕੋਰਟ ਦੇ ਜਸਟਿਸ ਫਾਰੂਕ ਹੈਦਰ ਨੇ ਪੁਲਿਸ ਨੂੰ ਪਟੀਸ਼ਨਕਰਤਾਵਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ ਦੇ ਹੁਕਮ ਦਿੱਤੇ ਹਨ। 48 ਸਾਲਾ ਸਰਬਜੀਤ ਕੌਰ ਨੇ ਕਿਹਾ ਕਿ ਉਸਦਾ ਪਤੀ ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਸਨੇ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਲਈ ਭਾਰਤੀ ਮਿਸ਼ਨ ਨਾਲ ਸੰਪਰਕ ਕੀਤਾ ਹੈ। ਸਰਬਜੀਤ ਨੇ ਕਿਹਾ, “ਮੈਂ ਤਲਾਕਸ਼ੁਦਾ ਹਾਂ ਅਤੇ ਨਾਸਿਰ ਹੁਸੈਨ ਨਾਲ ਵਿਆਹ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਇੱਥੇ ਆਈ ਹਾਂ। ਪਰ ਮੈਨੂੰ ਤੇ ਮੇਰੇ ਪਤੀ ਨਾਸਿਰ ਹੁਸੈਨ ਨੂੰ ਪੁਲਿਸ ਅਤੇ ਅਣਪਛਾਤੇ ਵਿਅਕਤੀਆਂ ਦੁਆਰਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਿਕਾਹ ਸਮਾਰੋਹ ਤੋਂ ਪਹਿਲਾਂ ਕੌਰ ਨੂੰ ਇੱਕ ਮੁਸਲਿਮ ਨਾਮ ਨੂਰ ਹੁਸੈਨ ਦਿੱਤਾ ਗਿਆ। ਸਰਬਜੀਤ ਨੇ ਕਿਹਾ, “ਮੈਂ ਖੁਸ਼ੀ ਨਾਲ ਹੁਸੈਨ ਨਾਲ ਵਿਆਹ ਕੀਤਾ ਹੈ।” ਦੱਸਣਯੋਗ ਹੈ ਕਿ ਸਰਬਜੀਤ ਕੌਰ ਭਾਰਤ ਦੇ ਕਪੂਰਥਲਾ ਜ਼ਿਲ੍ਹੇ ਦੇ ਅਮਾਨੀਪੁਰ ਪਿੰਡ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ ਉਸਦੇ ਲਾਪਤਾ ਹੋਣ ਦੀ ਜਾਂਚ ਪੰਜਾਬ, ਭਾਰਤ ਵਿੱਚ ਵੀ ਕੀਤੀ ਜਾ ਰਹੀ ਹੈ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਸਰਬਜੀਤ ਕੌਰ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੇ ਦੋ ਪੁੱਤਰ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ਕਲਿੱਪ ਵਿੱਚ ਸਰਬਜੀਤ ਕੌਰ ਨੇ ਕਿਹਾ ਕਿ ਉਹ ਫੇਸਬੁੱਕ ਰਾਹੀਂ ਪਿਛਲੇ 9 ਸਾਲਾਂ ਤੋਂ ਹੁਸੈਨ ਨੂੰ ਜਾਣਦੀ ਹੈ। ਪੰਜਾਬ ਤੋਂ ਪਾਕਿਸਤਾਨ ਜਾਣ ਪਹਿਲਾਂ ਸਰਬਜੀਤ ਕੌਰ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਸਨ। ਉਹ ਆਪਣੇ ਸਾਰੇ ਗਹਿਣੇ ਵੀ ਆਪਣੇ ਨਾਲ ਲੈ ਗਈ ਸੀ। ਜਿਵੇਂ ਹੀ ਉਹ ਸ੍ਰੀ ਨਨਕਾਣਾ ਸਾਹਿਬ ਪਹੁੰਚੀ, ਉਸ ਦਾ ਪ੍ਰੇਮੀ ਨਾਸਿਰ ਹੁਸੈਨ ਪਹਿਲਾਂ ਹੀ ਉੱਥੇ ਮੌਜੂਦ ਸੀ। ਭਾਰਤੀ ਸਿੱਖ ਸ਼ਰਧਾਲੂ ਤਾਂ 13 ਨਵੰਬਰ ਨੂੰ ਘਰ ਵਾਪਸ ਪਰਤ ਆਏ ਪਰ ਸਰਬਜੀਤ ਕੌਰ ਲਾਪਤਾ ਪਾਈ ਗਈ। ਭਾਰਤ ਤੋਂ ਧਾਰਮਿਕ ਜੱਥੇ ਵਿਚ ਸ਼ਾਮਲ ਹੋ ਕੇ ਆਈ ਸਰਬਜੀਤ ਕੌਰ ਸ੍ਰੀ ਨਨਕਾਣਾ ਸਾਹਿਬ ਤੋਂ ਨਾਸਿਰ ਹੁਸੈਨ ਦੇ ਨਾਲ ਚੁੱਪ ਚਪੀਤੇ ਰਵਾਨਾ ਹੋ ਗਈ। ਲਾਹੌਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਵਿੱਚ ਕਿਹਾ ਕਿ ਸਰਬਜੀਤ ਕੌਰ ਨੇ 4 ਨਵੰਬਰ ਨੂੰ ਪਾਕਿਸਤਾਨ ਪਹੁੰਚਣ ਤੋਂ ਇੱਕ ਦਿਨ ਬਾਅਦ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਸੀ। ਉਸਨੇ ਪਾਕਿਸਤਾਨ ਵਿੱਚ ਸਰਬਜੀਤ ਕੌਰ ਦੇ ਸ਼ਰਨ ਲੈਣ ਅਤੇ ਵਿਆਹ ਦਾ ਪ੍ਰਬੰਧ ਕਰਨ ਲਈ ਵਕੀਲ ਪਾਸ਼ਾ ਦੀ ਫੀਸ ਵੀ ਅਦਾ ਕਰ ਦਿੱਤੀ ਸੀ। ਦੋਨਾਂ ਨੇ ਪਹਿਲਾਂ ਵਕੀਲ ਅਹਿਮਦ ਹਸਨ ਪਾਸ਼ਾ ਨਾਲ ਸੰਪਰਕ ਕੀਤਾ ਅਤੇ ਉਸਨੂੰ ਵਿਆਹ ਕਰਵਾਉਣ ਲਈ ਕਿਹਾ। ਵਕੀਲ ਪਾਸ਼ਾ ਨੇ ਸਰਬਜੀਤ ਕੌਰ ਨੂੰ ਦੱਸਿਆ ਕਿ ਧਾਰਮਿਕ ਪਰਿਵਰਤਨ ਤੋਂ ਬਿਨਾਂ ਉਸਦਾ ਵਿਆਹ ਅਸੰਭਵ ਹੈ। ਇਸ ਤੋਂ ਬਾਅਦ ਸਰਬਜੀਤ ਕੌਰ ਨੇ ਧਰਮ ਬਦਲਣ ਦੀ ਬੇਨਤੀ ਕੀਤੀ ਸੀ। ਵਕੀਲ ਪਾਸ਼ਾ ਨੇ ਕਿਹਾ ਕਿ ਮੇਰੇ ਚੈਂਬਰ ਵਿਚ ਹੀ ਮੌਲਵੀ ਨੇ ਸਰਬਜੀਤ ਕੌਰ ਦਾ ਧਰਮ ਪਰਿਵਰਤਨ ਕਰਵਾਇਆ ਸੀ। ਧਰਮ ਬਦਲਣ ਮਗਰੋਂ ਹੀ ਉਕਤ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਤੇ ਸਾਡੇ ਮੌਲਵੀ ਨੇ ਫਿਰ ਇਸ ਪ੍ਰੇਮੀ ਜੋੜੇ ਦਾ ਨਿਕਾਹ ਕਰਵਾ ਦਿਤਾ। ਹੁਣ ਸਰਬਜੀਤ ਕੌਰ ਨੇ ਪਾਕਿਸਤਾਨੀ ਨਾਗਰਿਕਤਾ ਲਈ ਵੀ ਅਰਜ਼ੀ ਦੇ ਦਿੱਤੀ ਹੈ।

Leave a Reply

Your email address will not be published. Required fields are marked *