ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਲਈ ਹੋ ਰਹੀਆਂ ਟਾਰਗੇਟ ਕਿਲਿੰਗ : ਸੁਨੀਲ ਜਾਖੜ

0
SUNIL J

ਕੇਜਰੀਵਾਲ ਨੂੰ 7 ਦਿਨਾਂ ‘ਚ ਪੰਜਾਬ ‘ਚੋਂ ਗੈਂਗਸਟਰ ਖਤਮ ਕਰਨ ਦਾ ਵਾਅਦਾ ਕਰਵਾਇਆ ਯਾਦ

ਕਿਹਾ, ਮੁੱਖ ਮੰਤਰੀ ਮਾਨ ਨੇ ਅਪਣੀ ਦਿੱਲੀ ਦੀ ਲੀਡਰਸ਼ਿਪ ਅੱਗੇ ਟੇਕ ਰੱਖੇ ਗੋਡੇ

ਫਿਰੋਜਪੁਰ, 18 ਨਵੰਬਰ (ਨਿਊਜ਼ ਟਾਊਨ ਨੈਟਵਰਕ) :

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਖਿਆ ਹੈ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੇ ਉਦੇਸ਼ ਨਾਲ ਟਾਰਗੇਟ ਕਿਲਿੰਗ (ਚੁਣ ਕੇ ਹਤਿਆਵਾਂ) ਹੋ ਰਹੀਆਂ ਹਨ ਜਦਕਿ ਰਾਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਸਿੱਧ ਹੋ ਰਹੀ ਹੈ। ਜਾਖੜ ਅੱਜ ਫਿਰੋਜਪੁਰ ਵਿਖੇ ਇੱਥੇ ਆਰਐਸਐਸ ਤੇ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇੱਕ ਪਾਸੇ ਗੈਂਗਸਟਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੁਣ ਰਾਜ ਦੀ ਭਾਈਚਾਰਕ ਸਾਂਝ ਨੂੰ ਖੇਰੂ ਖੇਰੂ ਕਰਨ ਦੇ ਉਦੇਸ਼ ਨਾਲ ਆਰਐਸਐਸ ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ । ਉਨਾਂ ਕਿਹਾ ਕਿ ਇਹ ਪੰਜਾਬੀਅਤ ਤੇ ਹਮਲਾ ਹੈ ਅਤੇ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨਾਂ ਕਿਹਾ ਕਿ ਪਹਿਲਾਂ ਆਰਐਸਐਸ ਆਗੂ ਜਗਦੀਸ਼ ਗਗਨੇਜਾ, ਫਿਰ ਵਿਕਾਸ ਬੱਗਾ ਅਤੇ ਹੁਣ ਨਵੀਨ ਅਰੋੜਾ ਦੀ ਹੱਤਿਆ ਇੱਕ ਸਮਾਨ ਤਰੀਕੇ ਨਾਲ ਹੋਈ ਹੈ ਜੋ ਕਿ ਕਿਸੇ ਵੱਡੀ ਸਾਜਿਸ਼ ਦਾ ਸੰਕੇਤ ਜਾਪਦੀ ਹੈ ਜੋ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਅੱਜ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਨਾਂ ਨੇ ਧਰਮ ਨਿਰਪੱਖਤਾ ਲਈ ਆਪਣਾ ਬਲਿਦਾਨ ਦਿੱਤਾ ਸੀ ਤਾਂ ਅਜਿਹੇ ਸਮੇਂ ਇਸ ਤਰ੍ਹਾਂ ਦੇ ਮਿਥ ਕੇ ਕੀਤੇ ਗਏ ਕਤਲ ਪੰਜਾਬ ਅਤੇ ਪੰਜਾਬੀਅਤ ਦੇ ਮੱਥੇ ਤੇ ਕਲੰਕ ਬਣ ਰਹੇ ਹਨ। ਪਰ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਅਸਫਲ ਸਿੱਧ ਹੋ ਰਹੀ ਹੈ ਅਤੇ ਹਾਲੇ ਤੱਕ ਵੀ ਸਰਕਾਰ ਵੱਲੋਂ ਇਸ ਵਿਸ਼ੇਸ਼ ਸਬੰਧੀ ਕੋਈ ਅਧਿਕਾਰਿਤ ਪ੍ਰਤੀਕਰਿਆ ਨਹੀਂ ਆਈ ਹੈ। ਉਨਾਂ ਕਿਹਾ ਕਿ ਇਹ ਸਮਾਜ ਵਿੱਚ ਵੰਡੀਆਂ ਪਾਉਣ ਦੀ ਗੰਦੀ ਸੋਚ ਜਾਪ ਰਹੀ ਹੈ ਅਤੇ ਅਜਿਹੇ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ ਅਤੇ ਇਸ ਗੰਭੀਰ ਮਸਲੇ ਤੇ ਸਰਕਾਰ ਦੀ ਚੁੱਪੀ ਹੋਰ ਵੀ ਚਿੰਤਾ ਪੈਦਾ ਕਰ ਰਹੀ ਹੈ। ਉਨਾਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਹੋਵੇ ਅਤੇ ਜੋ ਲੋਕ ਰਾਜ ਵਿੱਚ ਜਹਿਰ ਤੇ ਬੀਜ ਬੀਜ ਰਹੇ ਹਨ, ਉਨਾਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨਾਂ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਅਜਿਹੀਆਂ ਸਮਾਜ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਫਲ ਨਾ ਹੋਣ ਦੇਣ। ਸੁਨੀਲ ਜਾਖੜ ਨੇ ਇਸ ਮੌਕੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ 6 ਨਵੰਬਰ ਨੂੰ ਤਰਨ ਤਾਰਨ ਵਿਖੇ ਦਿੱਤੇ ਉਹਨਾਂ ਦੇ ਉਸ ਬਿਆਨ ਨੂੰ ਮੁੜ ਯਾਦ ਕਰਾਇਆ ਜਿਸ ਵਿੱਚ ਸ੍ਰੀ ਕੇਜਰੀਵਾਲ ਨੇ 7 ਦਿਨਾਂ ਵਿੱਚ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਜਾਖੜ ਨੇ ਕਿਹਾ ਕਿ 7 ਦਿਨ ਬੀਤੇ ਨੂੰ ਬਹੁਤ ਸਮਾਂ ਹੋ ਗਿਆ ਪਰ ਉਨ ਦਾ ਇਹ ਵਾਅਦਾ ਇੱਕ ਚੋਣ ਸਗੂਫਾ ਹੀ ਸਾਬਤ ਹੋਇਆ ਹੈ ਜਦਕਿ ਪੰਜਾਬ ਦੇ ਲੋਕ ਡਰ ਅਤੇ ਭੈਅ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹੋ ਰਹੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਦਿੱਲੀ ਦੀ ਲੀਡਰਸ਼ਿਪ ਅੱਗੇ ਗੋਡੇ ਟੇਕ ਰੱਖੇ ਹਨ ਜਿਸ ਕਾਰਨ ਉਨਾਂ ਦੀ ਪ੍ਰਸ਼ਾਸਨ ਤੇ ਕੋਈ ਪਕੜ ਨਹੀਂ ਹੈ ਅਤੇ ਪੰਜਾਬ ਦੀ ਜੋ ਵੀ ਦੁਰਗਤੀ ਹੋ ਰਹੀ ਹੈ ਉਸ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨਾਂ ਕਿਹਾ ਕਿ ਬੇਹਤਰ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਛੱਡ ਜਾਣ ਕਿਉਂਕਿ ਪੰਜਾਬੀ ਪੰਜਾਬ ਨੂੰ ਸੰਭਾਲਣਾ ਜਾਣਦੇ ਹਨ।

Leave a Reply

Your email address will not be published. Required fields are marked *