‘ਆਪ’ ਤੇ ਭਾਜਪਾ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ:ਹਰਦਿਆਲ ਕੰਬੋਜ

ਪਟਿਆਲਾ, 27 ਅਪ੍ਰੈਲ (ਰਾਜਿੰਦਰ ਸਿੰਘ ਥਿੰਦ) : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਇਹ ਪਾਰਟੀਆਂ ਪੰਜਾਬ ਵਿਰੋਧੀ ਹਨ ਅਤੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ!ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਦੇਸ਼ ਦਾ ਕਚੂੰਬਰ ਕਢ ਰਹੀ ਹੈ, ਉਥੇ ‘ਆਪ’ ਨੇਤਾ ਪੰਜਾਬ ਦੇ ਹਿੱਤਾਂ ਦੀ ਥਾਂ ਸਿਰਫ ਆਪਣੇ ਫਾਇਦਿਆਂ ਨੂੰ ਦੇਖਦੇ ਹਨ।
ਹਰਦਿਆਲ ਕੰਬੋਜ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਨੂੰ ਚਲਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ, ਉਥੇ ਹੀ ਭਾਜਪਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿੱਚ ਇਸ ਵੇਲੇ ਸਿਧਾਂਤਾਂ ਦੀ ਰਾਜਨੀਤੀ ਖ਼ਤਮ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਆਗੂ ਕੱਲ੍ਹ ਤੱਕ ਇਕ-ਦੂਜੇ ਨੂੰ ਕੋਸਦੇ ਸੀ, ਅੱਜ ਕੁਰਸੀ ਦੀ ਖ਼ਾਤਰ ਭਾਜਪਾ ਅਤੇ ‘ਆਪ’ ਵਿੱਚ ਸ਼ਾਮਲ ਹੋ ਕੇ ਪੰਜਾਬੀਆਂ ਦੇ ਅੱਖਾਂ ਵਿੱਚ ਘੱਟਾ ਪਾ ਰਹੇ ਹਨ, ਜਿਨਾ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀ ਕਰਨਗੇ। ਉਨਾ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ, ਜਦ ਕਿ ਜ਼ਮੀਨੀ ਪੱਧਰ ‘ਤੇ ਕਾਨੂੰਨ ਵਿਵਸਥਾ ਅਤੇ ਵਿਕਾਸ ਦਾ ਬੁਰਾ ਹਾਲ ਹੈ। ਉਨਾ ਕਿਹਾ ਕਿ ਕਾਂਗਰਸ ਪਾਰਟੀ ਹੀ ਸਿਰਫ ਇਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆ ਸਕਦੀ ਹੈ। ਉਨਾ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਗੁੰਮਰਾਹਕੁੰਨ ਪਾਰਟੀਆਂ ਨੂੰ ਚੱਲਦਾ ਕਰਨਗੇ ਅਤੇ ਕਾਂਗਰਸ ਦੀ ਵਾਪਸੀ ਕਰਵਾ ਕੇ ਆਪਣੀ ਸਮੱਸਿਆਵਾਂ ਦਾ ਹੱਲ ਕਰਵਾਉਣਗੇ।
