ਸਪੇਨ ਫਰਾਂਸ ਨੂੰ ਹਰਾ ਕੇ 16 ਸਾਲ ਬਾਅਦ ਫੁੱਟਬਾਲ ਵਿਸ਼ਵ ਕਪ ਫਾਈਨਲ ’ਚ ਪੁੱਜਾ

0
Fifa Spain

ਸਪੇਨ ਫਰਾਂਸ ਨੂੰ ਹਰਾ ਕੇ 16 ਸਾਲ ਬਾਅਦ...

ਡੱਲਾਸ, 15 ਜੁਲਾਈ: ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਫਰਾਂਸ ਨੂੰ 2-0 ਨਾਲ ਹਰਾ ਕੇ 16 ਸਾਲ ਬਾਅਦ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਪੇਨ 2010 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦਾ ਫਾਈਨਲ ਖੇਡੇਗਾ। ਡੱਲਾਸ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਸਪੇਨ ਨੂੰ 22ਵੇਂ ਮਿੰਟ ਵਿੱਚ ਪੈਨਲਟੀ ਮਿਲੀ, ਜਦੋਂ ਫਰਾਂਸ ਦੇ ਡਿਫੈਂਡਰ ਲੂਕਾਸ ਡਿਗਨੇ ਨੇ ਬਾਕਸ ਦੇ ਅੰਦਰ ਲਾਮਿਨ ਯਾਮਾਲ ਨੂੰ ਫਾਊਲ ਕੀਤਾ।

ਮਿਕੇਲ ਓਯਾਰਜ਼ਾਬਾਲ ਨੇ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਹ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪੰਜਵਾਂ ਗੋਲ ਸੀ। ਦੂਜੇ ਹਾਫ ਵਿੱਚ ਫਰਾਂਸ ਨੇ ਬਰਾਬਰੀ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ 58ਵੇਂ ਮਿੰਟ ਵਿੱਚ ਦਾਨੀ ਓਲਮੋ ਦੇ ਸ਼ਾਨਦਾਰ ਪਾਸ ‘ਤੇ ਪੇਡਰੋ ਪੋਰੋ ਨੇ ਗੋਲ ਕਰਕੇ ਸਪੇਨ ਦੀ ਬੜ੍ਹਤ 2-0 ਕਰ ਦਿੱਤੀ। ਇਸ ਤੋਂ ਬਾਅਦ ਸਪੇਨ ਨੇ ਗੇਂਦ ‘ਤੇ ਕਾਬੂ ਬਣਾਈ ਰੱਖਿਆ ਅਤੇ ਫਰਾਂਸ ਨੂੰ ਵਾਪਸੀ ਦਾ ਕੋਈ ਵੱਡਾ ਮੌਕਾ ਨਹੀਂ ਦਿੱਤਾ।

ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਵਿੱਚ ਰਹੇ ਫਰਾਂਸ ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਸਪੇਨ ਦੀ ਮਜ਼ਬੂਤ ਰੱਖਿਆ ਦੇ ਸਾਹਮਣੇ ਬੇਅਸਰ ਰਹੇ। ਉਨ੍ਹਾਂ ਨੂੰ ਕਈ ਵਾਰ ਆਫਸਾਈਡ ਕਰਾਰ ਦਿੱਤਾ ਗਿਆ ਅਤੇ ਦੂਜੇ ਹਾਫ ਵਿੱਚ ਯੈਲੋ ਕਾਰਡ ਵੀ ਮਿਲਿਆ। ਸਪੇਨ ਨੇ 2010 ਵਿੱਚ ਨੀਦਰਲੈਂਡ ਨੂੰ 1-0 ਨਾਲ ਹਰਾ ਕੇ ਆਪਣਾ ਇਕਲੌਤਾ ਫੁੱਟਬਾਲ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਹੁਣ ਟੀਮ 16 ਸਾਲ ਬਾਅਦ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਨ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਦੂਜੇ ਪਾਸੇ ਫਰਾਂਸ 2018 ਅਤੇ 2022 ਤੋਂ ਬਾਅਦ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦਾ ਮੌਕਾ ਗੁਆ ਬੈਠਾ।  

Leave a Reply

Your email address will not be published. Required fields are marked *