ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ, ਵਪਾਰ ਨੂੰ ਮਿਲੇਗਾ ਵੱਡਾ ਹੁਲਾਰਾ

ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ ਅੱਜ...
ਨਵੀਂ ਦਿੱਲੀ : ਭਾਰਤ ਅਤੇ ਯੂਨਾਈਟਿਡ ਕਿੰਗਡਮ (ਯੂਕੇ) ਵਿਚਾਲੇ ਬਹੁਚਰਚਿਤ ਮੁਕਤ ਵਪਾਰ ਸਮਝੌਤਾ (ਫ੍ਰੀ ਟਰੇਡ ਐਗਰੀਮੈਂਟ-ਐੱਫਟੀਏ) ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਬ੍ਰਿਟੇਨ ਤੋਂ ਆਉਣ ਵਾਲੀਆਂ ਕਈ ਵਸਤਾਂ ਜਿਵੇਂ ਲਗਜ਼ਰੀ ਕਾਰਾਂ, ਸਕਾਚ ਵਿਸਕੀ, ਜਿਨ, ਬ੍ਰਾਂਡਡ ਕੱਪੜੇ, ਫੁੱਟਵੀਅਰ, ਕਾਸਮੈਟਿਕਸ, ਮੈਡੀਕਲ ਉਪਕਰਨ ਅਤੇ ਹੋਰ ਉਤਪਾਦ ਪਹਿਲਾਂ ਨਾਲੋਂ ਸਸਤੇ ਮਿਲਣਗੇ। ਦੂਜੇ ਪਾਸੇ ਭਾਰਤ ਦੇ 99 ਫ਼ੀਸਦੀ ਉਤਪਾਦਾਂ ਨੂੰ ਬ੍ਰਿਟੇਨ ਵਿੱਚ ਜ਼ੀਰੋ ਟੈਰਿਫ ‘ਤੇ ਨਿਰਯਾਤ ਕਰਨ ਦੀ ਸਹੂਲਤ ਮਿਲੇਗੀ।
ਕਰੀਬ ਤਿੰਨ ਸਾਲਾਂ ਤੱਕ 14 ਦੌਰ ਦੀ ਗੱਲਬਾਤ ਤੋਂ ਬਾਅਦ 24 ਜੁਲਾਈ 2025 ਨੂੰ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਅਤੇ ਬ੍ਰਿਟੇਨ ਦੇ ਵਪਾਰ ਮੰਤਰੀ ਜੋਨਾਥਨ ਰੇਨੋਲਡਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਭਾਰਤ ਵਿੱਚ ਬ੍ਰਿਟੇਨ ਤੋਂ ਆਯਾਤ ਹੋਣ ਵਾਲੇ 99 ਫ਼ੀਸਦੀ ਸਮਾਨ ‘ਤੇ ਔਸਤ ਟੈਰਿਫ ਲਗਭਗ 3 ਫ਼ੀਸਦੀ ਰਹਿ ਜਾਵੇਗਾ, ਜਦਕਿ ਭਾਰਤੀ ਉਤਪਾਦਾਂ ਨੂੰ ਬ੍ਰਿਟੇਨ ਵਿੱਚ ਬਿਨਾਂ ਕਿਸੇ ਆਯਾਤ ਡਿਊਟੀ ਦੇ ਦਾਖ਼ਲਾ ਮਿਲੇਗਾ।
ਮੁੱਖ ਫ਼ਾਇਦੇ
- ਸਕਾਚ ਵਿਸਕੀ ਅਤੇ ਜਿਨ ‘ਤੇ ਆਯਾਤ ਡਿਊਟੀ 150 ਫ਼ੀਸਦੀ ਤੋਂ ਘਟਾ ਕੇ 75 ਫ਼ੀਸਦੀ ਕਰ ਦਿੱਤੀ ਗਈ ਹੈ, ਜਿਸ ਨੂੰ ਅਗਲੇ 10 ਸਾਲਾਂ ਵਿੱਚ 40 ਫ਼ੀਸਦੀ ਤੱਕ ਲਿਆਂਦਾ ਜਾਵੇਗਾ। ਇਸ ਨਾਲ ਇਨ੍ਹਾਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਵੇਗੀ।
- ਜੈਗੁਆਰ ਲੈਂਡ ਰੋਵਰ ਅਤੇ ਰੋਲਜ਼-ਰਾਇਸ ਵਰਗੀਆਂ ਲਗਜ਼ਰੀ ਕਾਰਾਂ ‘ਤੇ ਟੈਰਿਫ ਕੋਟਾ ਪ੍ਰਣਾਲੀ ਤਹਿਤ 100 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਤੱਕ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ 20 ਤੋਂ 30 ਫ਼ੀਸਦੀ ਤੱਕ ਘੱਟ ਸਕਦੀਆਂ ਹਨ।
- ਬ੍ਰਿਟੇਨ ਤੋਂ ਆਉਣ ਵਾਲੇ ਸੈਲਮਨ, ਲੈਂਬ, ਚਾਕਲੇਟ, ਬਿਸਕੁਟ, ਸਾਫਟ ਡਰਿੰਕਸ, ਕਾਸਮੈਟਿਕਸ, ਮੈਡੀਕਲ ਉਪਕਰਨ, ਏਅਰੋਸਪੇਸ ਪਾਰਟਸ, ਬ੍ਰਾਂਡਡ ਕੱਪੜੇ, ਫੁੱਟਵੀਅਰ, ਫਰਨੀਚਰ ਅਤੇ ਇਲੈਕਟ੍ਰਾਨਿਕਸ ਵੀ ਸਸਤੇ ਹੋਣਗੇ।
ਭਾਰਤੀ ਉਦਯੋਗ ਨੂੰ ਹੋਵੇਗਾ ਵੱਡਾ ਲਾਭ
ਸਮਝੌਤੇ ਤਹਿਤ ਭਾਰਤ ਦੇ 99 ਫ਼ੀਸਦੀ ਉਤਪਾਦਾਂ ਨੂੰ ਬ੍ਰਿਟੇਨ ਵਿੱਚ ਜ਼ੀਰੋ ਟੈਰਿਫ ‘ਤੇ ਨਿਰਯਾਤ ਕਰਨ ਦੀ ਸਹੂਲਤ ਮਿਲੇਗੀ। ਇਸ ਨਾਲ ਟੈਕਸਟਾਈਲ, ਚਮੜਾ, ਰਤਨ ਅਤੇ ਗਹਿਣੇ, ਇੰਜੀਨੀਅਰਿੰਗ ਸਮਾਨ, ਸਮੁੰਦਰੀ ਉਤਪਾਦ ਅਤੇ ਹੋਰ ਨਿਰਯਾਤ ਆਧਾਰਿਤ ਉਦਯੋਗਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਸਰਕਾਰ ਦਾ ਅਨੁਮਾਨ ਹੈ ਕਿ ਸਾਲ 2030 ਤੱਕ ਭਾਰਤ-ਯੂਕੇ ਦਰਮਿਆਨ ਦੋਪੱਖੀ ਵਪਾਰ ਵੱਧ ਕੇ 120 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਦਾ ਯੂਕੇ ਨੂੰ ਨਿਰਯਾਤ ਲਗਭਗ 29 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਰੁਜ਼ਗਾਰ ਅਤੇ ਨਿਵੇਸ਼ ਨੂੰ ਮਿਲੇਗਾ ਹੁਲਾਰਾ
ਇਸ ਸਮਝੌਤੇ ਨਾਲ ਟੈਕਸਟਾਈਲ ਅਤੇ ਚਮੜਾ ਵਰਗੇ ਕਿਰਤ-ਆਧਾਰਿਤ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਦੇਸ਼ ਦੇ ਕਰੀਬ 6 ਕਰੋੜ ਐਮਐਸਐਮਈ ਉਦਯੋਗਾਂ ਨੂੰ ਨਵੇਂ ਬਾਜ਼ਾਰ ਅਤੇ ਬਿਹਤਰ ਮੁਨਾਫ਼ੇ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਬ੍ਰਿਟੇਨ ਦੀਆਂ ਕੰਪਨੀਆਂ ਭਾਰਤ ਵਿੱਚ ਆਈਟੀ, ਵਿੱਤੀ ਸੇਵਾਵਾਂ ਅਤੇ ਗ੍ਰੀਨ ਟੈਕਨਾਲੋਜੀ ਵਰਗੇ ਖੇਤਰਾਂ ਵਿੱਚ ਨਿਵੇਸ਼ ਵਧਾਉਣਗੀਆਂ, ਜਿਸ ਨਾਲ ਨਿਰਮਾਣ ਅਤੇ ਸੇਵਾ ਖੇਤਰ ਨੂੰ ਹੋਰ ਮਜ਼ਬੂਤੀ ਮਿਲੇਗੀ।
