ਫ਼ਿਲਮ ‘ਸਤਲੁਜ’ ’ਤੇ ਰਵਨੀਤ ਬਿੱਟੂ ਨੂੰ ਸੰਜਮ ਵਰਤਣ ਦੀ ਸਲਾਹ

ਫ਼ਿਲਮ ‘ਸਤਲੁਜ’ ’ਤੇ ਰਵਨੀਤ ਬਿੱਟੂ ਨੂੰ ...
ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਲਗਾਤਾਰ ਹਮਲਾਵਰ ਬਿਆਨਾਂ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਬਿੱਟੂ ਦੇ ਰੁਖ਼ ਕਾਰਨ ਭਾਜਪਾ ਦੇ ਅੰਦਰ ਵੀ ਵੱਖ-ਵੱਖ ਸੁਰ ਸਾਹਮਣੇ ਆਉਣ ਲੱਗੇ ਹਨ ਅਤੇ ਪਾਰਟੀ ਨਾਲ ਜੁੜੇ ਕੁਝ ਸਿੱਖ ਆਗੂਆਂ ਨੇ ਉਨ੍ਹਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।
ਰਵਨੀਤ ਸਿੰਘ ਬਿੱਟੂ ਨੇ ਫ਼ਿਲਮ ਵਿੱਚ ਦਰਸਾਏ ਗਏ 25 ਹਜ਼ਾਰ ਲਾਸ਼ਾਂ ਦੇ ਦਾਅਵੇ ‘ਤੇ ਸਵਾਲ ਚੁੱਕਦਿਆਂ ਅਦਾਕਾਰ ਦਿਲਜੀਤ ਦੁਸਾਂਝ ਨੂੰ ਇਸ ਸਬੰਧੀ ਦਸਤਾਵੇਜ਼ੀ ਸਬੂਤ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਪੰਜਾਬ ਦੇ ਕਾਲੇ ਦੌਰ ਨੂੰ ਇਕਪਾਸੜ ਢੰਗ ਨਾਲ ਪੇਸ਼ ਕਰਦੀ ਹੈ ਅਤੇ ਅੱਤਵਾਦ ਦੌਰਾਨ ਮਾਰੇ ਗਏ ਬੇਕਸੂਰ ਹਿੰਦੂਆਂ, ਸਰਕਾਰੀ ਮੁਲਾਜ਼ਮਾਂ ਅਤੇ ਸ਼ਹੀਦ ਪੁਲਿਸ ਜਵਾਨਾਂ ਦੀ ਕੁਰਬਾਨੀ ਨੂੰ ਨਜ਼ਰਅੰਦਾਜ਼ ਕਰਦੀ ਹੈ। ਬਿੱਟੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦਾਅਵਿਆਂ ਦੇ ਸਬੂਤ ਪੇਸ਼ ਨਾ ਕੀਤੇ ਗਏ ਤਾਂ ਕਾਨੂੰਨੀ ਕਾਰਵਾਈ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ, ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਬੋਲਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਵਿਵਾਦ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਫ਼ਿਲਮ ਪੰਜਾਬ ਦੇ ਇਤਿਹਾਸ ਦੇ ਇੱਕ ਵਿਸ਼ੇਸ਼ ਅਧਿਆਏ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਦੀ ਹੈ ਅਤੇ ਇਸ ਨੂੰ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਹਰਾ ਕਰਨ ਜਾਂ ਨਵੀਆਂ ਵੰਡੀਆਂ ਪੈਦਾ ਕਰਨ ਦਾ ਸਾਧਨ ਨਹੀਂ ਬਣਾਇਆ ਜਾਣਾ ਚਾਹੀਦਾ।
