ਕੈਨੇਡਾ ਦੇ ਟੋਰਾਂਟੋ ‘ਚ ਸਾਲਸਾ ਫੈਸਟੀਵਲ ਦੌਰਾਨ ਅੰਨ੍ਹੇਵਾਹ ਗੋਲੀਬਾਰੀ, 2 ਦੀ ਮੌਤ, 5 ਜ਼ਖ਼ਮੀ

0
Goli bari

ਕੈਨੇਡਾ ਦੇ ਟੋਰਾਂਟੋ 'ਚ ਸਾਲਸਾ ਫੈਸਟੀਵਲ ਦੌਰਾਨ...

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਪ੍ਰਸਿੱਧ ‘ਸਾਲਸਾ ਆਨ ਸੇਂਟ ਕਲੇਅਰ’ ਸਟ੍ਰੀਟ ਫੈਸਟੀਵਲ ਦੌਰਾਨ ਸ਼ਨੀਵਾਰ ਰਾਤ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਸਰਗਰਮ ਸ਼ੂਟਰ (ਐਕਟਿਵ ਸ਼ੂਟਰ) ਦੀ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

ਪੁਲਿਸ ਦੀ ਤਰਜਮਾਨ ਸ਼ੈਨਨ ਈਮਜ਼ ਨੇ ਦੱਸਿਆ ਕਿ ਗੋਲੀਬਾਰੀ ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਨੇੜੇ ਉਸ ਵੇਲੇ ਹੋਈ, ਜਦੋਂ ਹਜ਼ਾਰਾਂ ਲੋਕ ਲਾਤੀਨੀ ਅਮਰੀਕੀ ਸੱਭਿਆਚਾਰ ਨੂੰ ਸਮਰਪਿਤ ਮੇਲੇ ਵਿੱਚ ਸੰਗੀਤ, ਨਾਚ ਅਤੇ ਰਵਾਇਤੀ ਪਕਵਾਨਾਂ ਦਾ ਆਨੰਦ ਮਾਣ ਰਹੇ ਸਨ।

ਚਸ਼ਮਦੀਦ ਵੈਲੇਰੀ ਰੌਡਰਿਗਜ਼ ਨੇ ਦੱਸਿਆ ਕਿ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਦੇ ਹੀ ਲੋਕ ਚੀਕਦੇ ਹੋਏ ਭੱਜਣ ਲੱਗ ਪਏ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਾਰਿਆਂ ਨੂੰ ਤੁਰੰਤ ਜ਼ਮੀਨ ‘ਤੇ ਲੇਟਣ ਲਈ ਕਿਹਾ, ਜਿਸ ਕਾਰਨ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮੇਲੇ ਵਿੱਚ ਸਟਾਲ ਲਗਾਉਣ ਵਾਲੀ ਪੈਟਸੀ ਗੁਟੀਰੇਜ਼ ਨੇ ਕਿਹਾ ਕਿ ਲੋਕਾਂ ਦੀ ਭਗਦੜ ਦੇਖ ਕੇ ਉਨ੍ਹਾਂ ਨੇ ਤੁਰੰਤ ਆਪਣਾ ਕੰਮ ਬੰਦ ਕਰ ਦਿੱਤਾ। ਜਾਂਚ ਦੇ ਮੱਦੇਨਜ਼ਰ ਪੁਲਿਸ ਨੇ ਨੇੜਲੇ ਸੇਂਟ ਕਲੇਅਰ ਰੇਲਵੇ ਸਟੇਸ਼ਨ ‘ਤੇ ਰੇਲ ਸੇਵਾ ਅਸਥਾਈ ਤੌਰ ‘ਤੇ ਰੋਕ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ, ਪਰ ਹਮਲਾਵਰ ਜਾਂ ਹਮਲਾਵਰਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਸ਼ੱਕੀਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਸਰਚ ਅਪਰੇਸ਼ਨ ਜਾਰੀ ਹੈ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੇਮਤਲਬ ਹਿੰਸਾ ਹੈ, ਜਿਸ ਨੇ ਦੋ ਕੀਮਤੀ ਜਾਨਾਂ ਲੈ ਲਈਆਂ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਟੋਰਾਂਟੋ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਸੁਰੱਖਿਅਤ ਮਹਾਨਗਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਜਨਤਕ ਸਮਾਗਮਾਂ ਦੌਰਾਨ ਇਸ ਤਰ੍ਹਾਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਇੱਥੇ ਬਹੁਤ ਘੱਟ ਵਾਪਰਦੀਆਂ ਹਨ। ਇਸ ਘਟਨਾ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *