RCB ਨੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਜਿੱਤਿਆ IPL ਖ਼ਿਤਾਬ

ਪੁਲਿਸ ਦੀ ਐਡਵਾਈਜ਼ਰੀ ਮਗਰੋਂ RCB ਨਹੀਂ ਕਰੇਗੀ ‘ਵਿਕਟਰੀ ਪਰੇਡ’
ਅਹਿਮਦਾਬਾਦ, 1 ਜੂਨ (ਨਿਊਜ਼ ਟਾਊਨ ਨੈਟਵਰਕ) : ਰਾਇਲ ਚੈਲੰਜਰਜ਼ ਬੰਗਲੁਰੂ ਨੇ ਲਗਾਤਾਰ ਦੂਜੀ ਵਾਰ IPL ਖ਼ਿਤਾਬ ਆਪਣੇ ਨਾਮ ਕਰ ਕੇ ਇਤਿਹਾਸ ਤਾਂ ਰਚ ਦਿੱਤਾ ਹੈ, ਪਰ ਟੀਮ ਇਸ ਵਾਰ ਬੈਂਗਲੁਰੂ ਵਿੱਚ ਕੋਈ ‘ਵਿਕਟਰੀ ਪਰੇਡ’ (ਜੇਤੂ ਮਾਰਚ) ਨਹੀਂ ਕੱਢੇਗੀ। ਇਹ ਫ਼ੈਸਲਾ ਬੰਗਲੁਰੂ ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਵਿਸ਼ੇਸ਼ ਐਡਵਾਈਜ਼ਰੀ ਤੋਂ ਬਾਅਦ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਅਤੇ ਜਨਤਕ ਸਮਾਗਮਾਂ ਨੂੰ ਲੈ ਕੇ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਇਸ ਵਾਰ ਸ਼ਹਿਰ ਵਿੱਚ ਕਿਸੇ ਵੀ ਵੱਡੇ ਜਨਤਕ ਸਮਾਗਮ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਮੁਤਾਬਕ ਪੁਲਿਸ ਅਤੇ ਪ੍ਰਸ਼ਾਸਨ ਇਸ ਵਾਰ ਸੁਰੱਖਿਆ ਨੂੰ ਲੈ ਕੇ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੇਤੂ ਜਸ਼ਨਾਂ ਦੌਰਾਨ ਹੋਈ ਇੱਕ ਭਿਆਨਕ ਭਾਜੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਤੋਂ ਸਬਕ ਲੈਂਦੇ ਹੋਏ, ਪ੍ਰਸ਼ਾਸਨ ਨੇ RCB ਫੈਨਜ਼ ਦੀ ਭਾਰੀ ਭੀੜ ਨੂੰ ਕੰਟਰੋਲ ਵਿੱਚ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਹਿਮਦਾਬਾਦ ਦੇ ਮੈਦਾਨ ‘ਤੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ RCB ਨੇ ਲਗਾਤਾਰ ਦੂਜੇ ਸਾਲ IPL ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਆਰਸੀਬੀ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਟਰਾਫੀ ਮਿਲੀ, ਜਦੋਂ ਕਿ ਉਪ ਜੇਤੂ ਗੁਜਰਾਤ ਟਾਈਟਨਸ ਨੂੰ 12.5 ਕਰੋੜ ਰੁਪਏ ਨਾਲ ਸਬਰ ਕਰਨਾ ਪਿਆ।
