ਕਰੋੜਾਂ ਦੇ ਵਿਕਾਸ ਦੇ ਦਾਅਵੇ, ਪਰ ਧੂਰੀ ਦੇ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ – ਜਸਵਿੰਦਰ ਰਿਖੀ

ਧੂਰੀ, 31 ਮਈ ( ਵਰਮਾ ): ਹਲਕਾ ਧੂਰੀ ਦੇ ਸਮਾਜ ਸੇਵੀ ਤੇ ਸੰਘਰਸ਼ੀ ਸੀਨੀਅਰ ਭਾਜਪਾ ਆਗੂ ਜਸਵਿੰਦਰ ਸਿੰਘ ਰਿਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹਲਕੇ ਧੂਰੀ ਦੇ ਵਿਕਾਸ ਅਤੇ ਸੁੰਦਰੀਕਰਨ ਸਬੰਧੀ ਕੀਤੇ ਜਾ ਰਹੇ ਦਾਅਵਿਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਰਿਖੀ ਨੇ ਕਿਹਾ ਕਿ ਧੂਰੀ ਪੰਜਾਬ ਦੇ ਮੁੱਖ ਮੰਤਰੀ ਦਾ ਆਪਣਾ ਹਲਕਾ ਹੈ, ਪਰ ਸਵਾ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਅਜੇ ਵੀ ਅਣਗੌਲੀਆਂ ਪਈਆਂ ਹਨ । ਉਨ੍ਹਾਂ ਕਿਹਾ ਕਿ ਇੱਕ ਪਾਸੇ ਧੂਰੀ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਧੂਰੀ ਦਾ ਬੱਸ ਸਟੈਂਡ ਅੱਜ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕਿਆ। ਰੋਜ਼ਾਨਾ ਹਜ਼ਾਰਾਂ ਯਾਤਰੀ ਬੱਸ ਸਟੈਂਡ ਦੀ ਵਰਤੋਂ ਕਰਦੇ ਹਨ, ਪਰ ਉੱਥੇ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਪ੍ਰਬੰਧਾਂ ਦੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ। ਰਿਖੀ ਨੇ ਅੱਗੇ ਕਿਹਾ ਕਿ ਕੱਕੜਵਾਲ ਚੌਂਕ, ਜਿੱਥੋਂ ਧੂਰੀ ਦੀ ਲਗਭਗ 80 ਫ਼ੀਸਦੀ ਆਬਾਦੀ ਰੋਜ਼ਾਨਾ ਬੱਸਾਂ ਵਿੱਚ ਸਫ਼ਰ ਕਰਦੀ ਹੈ, ਉੱਥੇ ਯਾਤਰੀਆਂ ਲਈ ਨਾ ਕੋਈ ਛੱਤ ਦਾ ਪ੍ਰਬੰਧ ਹੈ, ਨਾ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਨਾ ਹੀ ਜਨਤਕ ਵਾਸ਼ਰੂਮ ਦੀ ਵਿਵਸਥਾ ਹੈ। ਗਰਮੀ, ਸਰਦੀ ਅਤੇ ਬਰਸਾਤ ਦੇ ਮੌਸਮ ਵਿੱਚ ਲੋਕ ਖੁੱਲ੍ਹੇ ਅਸਮਾਨ ਹੇਠ ਖੜ੍ਹੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਹੀ ਬੱਸ ਸਟੈਂਡ ਵਰਗੀ ਮੁੱਢਲੀ ਸਹੂਲਤ ਅਤੇ ਕੱਕੜਵਾਲ ਚੌਂਕ ਵਰਗੇ ਅਹਿਮ ਸਥਾਨ ਤੇ ਯਾਤਰੀਆਂ ਲਈ ਬੁਨਿਆਦੀ ਪ੍ਰਬੰਧ ਨਹੀਂ ਹੋ ਸਕੇ, ਤਾਂ ਫਿਰ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਹਕੀਕਤ ਆਪ ਹੀ ਸਾਹਮਣੇ ਆ ਜਾਂਦੀ ਹੈ। ਵਿਕਾਸ ਦਾ ਅਸਲ ਮਾਪਦੰਡ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਹੁੰਦੀਆਂ ਹਨ, ਨਾ ਕਿ ਸਿਰਫ਼ ਇਸ਼ਤਿਹਾਰ ਅਤੇ ਦਾਅਵੇ। ਰਿਖੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧੂਰੀ ਬੱਸ ਸਟੈਂਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਅਤੇ ਕੱਕੜਵਾਲ ਚੌਂਕ ਵਿਖੇ ਯਾਤਰੀਆਂ ਲਈ ਛੱਤ, ਪੀਣ ਵਾਲੇ ਸਾਫ਼ ਪਾਣੀ ਅਤੇ ਜਨਤਕ ਵਾਸ਼ਰੂਮ ਦੀ ਤੁਰੰਤ ਵਿਵਸਥਾ ਕੀਤੀ ਜਾਵੇ, ਤਾਂ ਜੋ ਧੂਰੀ ਦੇ ਲੋਕਾਂ ਨੂੰ ਆਪਣੀਆਂ ਬੁਨਿਆਦੀ ਲੋੜਾਂ ਲਈ ਹੋਰ ਇੰਤਜ਼ਾਰ ਨਾ ਕਰਨਾ ਪਵੇ।
