ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਵੱਲੋਂ ਉੱਤਰ-ਪੱਛਮੀ ਭਾਰਤ ਦੀਆਂ ਤਿਤਲੀਆਂ ਬਾਰੇ ਕੀਤੀ ਗਈ ਖੋਜ

0

*ਤਿਤਲੀਆਂ ਦੀਆਂ ਕਈ ਪ੍ਰਜਾਤੀਆਂ ਦਾ ਵਿਸ਼ਵ ਪੱਧਰ ‘ਤੇ ਪਹਿਲੀ ਵਾਰ ਕੀਤਾ ਗਿਆ ਡੀ.ਐਨ.ਏ. ਬਾਰਕੋਡਿੰਗ*

*ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਉੱਚਾਈ ਵਾਲੇ ਖੇਤਰਾਂ ਤੋਂ ਇਕੱਠੇ ਕੀਤੇ ਤਿਤਲੀਆਂ ਦੇ ਨਮੂਨੇ*

*ਖੋਜ ਦੇ ਨਤੀਜੇ ਦੁਨੀਆ ਦੇ ਪੰਜ ਵੱਕਾਰੀ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਹੋ ਚੁੱਕੇ ਹਨ ਪ੍ਰਕਾਸ਼ਿਤ*

ਪਟਿਆਲਾ, 31 ਮਈ (ਰਾਜਿੰਦਰ ਸਿੰਘ ਥਿੰਦ)

ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਤਾਜ਼ਾ ਖੋਜ ਰਾਹੀਂ ਉੱਤਰ-ਪੱਛਮੀ ਭਾਰਤ ਦੀਆਂ ਵੱਖ-ਵੱਖ ਪ੍ਰਜਾਤੀ ਦੀਆਂ ਤਿਤਲੀਆਂ ਨੂੰ ਸਮਝਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਖੋਜਾਰਥੀ ਡਾ. ਦੀਕਸ਼ਾ ਚੋਪੜਾ ਵੱਲੋਂ ਇਸੇ ਵਿਭਾਗ ਦੇ ਪ੍ਰੋ. ਗੁਰਿੰਦਰ ਕੌਰ ਵਾਲੀਆ ਦੀ ਨਿਗਰਾਨੀ ਅਤੇ ਜ਼ੂਆਲੋਜੀਕਲ ਸਰਵੇ ਆਫ਼ ਇੰਡੀਆ, ਸੋਲਨ ਦੇ ਸੇਵਾਮੁਕਤ ਵਿਗਿਆਨੀ-ਐੱਫ ਡਾ. ਅਵਤਾਰ ਕੌਰ ਸਿੱਧੂ ਦੀ ਸਹਿ-ਨਿਗਰਾਨੀ ਵਿੱਚ ਇਹ ਖੋਜ ਕਾਰਜ ਕੀਤਾ ਗਿਆ।

ਖੋਜਾਰਥੀ ਡਾ. ਦੀਕਸ਼ਾ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਉੱਚਾਈ ਵਾਲੇ ਖੇਤਰਾਂ ਅਤੇ ਨਾਜ਼ੁਕ ਪਹਾੜੀ ਵਾਤਾਵਰਣ ਪ੍ਰਣਾਲੀਆਂ ਤੋਂ ਇਹ ਨਮੂਨੇ ਇਕੱਠੇ ਕੀਤੇ ਸਨ ਜਿਨ੍ਹਾਂ ਵਿੱਚ ‘ਥੈਕਲੀਨੇ’ ਅਤੇ ‘ਲਾਈਕੇਨੀਨੇ’ ਉਪ-ਪਰਿਵਾਰਾਂ ਦੀਆਂ ਤਿਤਲੀਆਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ 30 ਪ੍ਰਜਾਤੀਆਂ ਦਾ ਬਰੀਕੀ ਨਾਲ਼ ਅਧਿਐਨ ਕੀਤਾ ਗਿਆ, ਜਿਸ ਵਿੱਚ ‘ਥੈਕਲੀਨੇ’ ਉਪ-ਪਰਿਵਾਰ ਦੀਆਂ 24 ਪ੍ਰਜਾਤੀਆਂ ਅਤੇ ‘ਲਾਈਕੇਨੀਨੇ’ ਉਪ-ਪਰਿਵਾਰ ਦੀਆਂ 6 ਪ੍ਰਜਾਤੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜੇ ਦੁਨੀਆ ਦੇ ਪੰਜ ਵੱਕਾਰੀ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਏ. ਐੱਨ.ਆਰ. ਐੱਫ.-ਆਈ.ਟੀ.ਐੱਸ. ਵੱਲੋਂ ਮਿਲੇ ਫੰਡ ਸਦਕਾ ਇਸ ਖੋਜ ਨੂੰ ਕੁਆਲਾਲੰਪੁਰ, ਮਲੇਸ਼ੀਆ ਵਿਖੇ ਹੋਈ ‘9ਵੀਂ ਮੋਲੀਕਿਊਲਰ ਇਨਸੈਕਟ ਸਾਇੰਸ ਕਾਨਫਰੰਸ 2026’ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਪੇਸ਼ ਕੀਤਾ ਗਿਆ ਹੈ, ਜਿੱਥੇ ਇਸ ਸ਼ਾਨਦਾਰ ਕਾਰਜ ਦੀ ਭਰਪੂਰ ਸ਼ਲਾਘਾ ਹੋਈ ਹੈ।

ਪ੍ਰੋ. ਗੁਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਵਿਗਿਆਨਕ ਉਲਝਣਾਂ ਨੂੰ ਸੁਲਝਾਉਣ ਲਈ ਖੋਜਾਰਥੀਆਂ ਨੇ ਤਿਤਲੀਆਂ ਦੇ ਸਰੀਰਕ ਅੰਗਾਂ ਦੇ ਨਾਲ਼-ਨਾਲ਼ ਮਾਈਟੋਕੌਂਡਰੀਅਲ ਸੀ.ਓ.ਆਈ. ਜੀਨ ਦੀ ਡੀ.ਐਨ.ਏ. ਬਾਰਕੋਡਿੰਗ ਦੀ ਵਰਤੋਂ ਕੀਤੀ। ਇਸ ਦੇ ਨਤੀਜੇ ਵਜੋਂ 17 ਪ੍ਰਜਾਤੀਆਂ ਦੀ ਵਿਸ਼ਵ ਭਰ ਵਿੱਚ ਪਹਿਲੀ ਵਾਰ ਡੀ.ਐਨ.ਏ. ਬਾਰਕੋਡਿੰਗ ਹੋਈ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ 26 ਪ੍ਰਜਾਤੀਆਂ ਨੂੰ ਪਹਿਲੀ ਵਾਰ ਅੰਤਰ-ਰਾਸ਼ਟਰੀ ਐੱਨ.ਸੀ.ਬੀ.ਆਈ. ਜੈਨਬੈੰਕ ਵਿੱਚ ਦਰਜ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 4 ਪ੍ਰਜਾਤੀਆਂ ਦੀ ਮਾਦਾ ਅਤੇ 3 ਪ੍ਰਜਾਤੀਆਂ ਦੇ ਨਰ ਜਣਨ ਅੰਗਾਂ ਦੀ ਬਣਤਰ ਦਾ ਵੇਰਵਾ ਵੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਬੇਹੱਦ ਦੁਰਲੱਭ ਤਿਤਲੀ ‘ਹੈਲੀਓਫੋਰਸ ਤਾਮੂ’ ਦੇ ਮਿਲਣ ਦੀ ਵੀ ਪੁਸ਼ਟੀ ਹੋਈ ਹੈ, ਜਿਸ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਯਤਨਾਂ ਦੀ ਲੋੜ ਹੈ।

ਡਾ. ਅਵਤਾਰ ਕੌਰ ਸਿੱਧੂ ਨੇ ਦੱਸਿਆ ਕਿ ਕਿ ਤਿਤਲੀਆਂ ਕੁਦਰਤ ਦੀਆਂ ਬੇਹੱਦ ਖੂਬਸੂਰਤ ਅਤੇ ਮਹੱਤਵਪੂਰਨ ਜੀਵ ਹਨ, ਜੋ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰਾਗਣ ਦੇ ਰੂਪ ਵਿੱਚ ਇਹ ਪੌਦਿਆਂ ਦੀ ਵੰਸ਼-ਪ੍ਰਕਿਰਿਆ ਵਿੱਚ ਮਦਦ ਕਰਦੀਆਂ ਹਨ। ਵਾਤਾਵਰਣ ਵਿੱਚ ਹੋਣ ਵਾਲੇ ਬਦਲਾਅ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੋਣ ਕਾਰਨ, ਇਹਨਾਂ ਨੂੰ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੀ ਗੁਣਵੱਤਾ ਦਾ ਸਭ ਤੋਂ ਉੱਤਮ ਸੂਚਕ ਮੰਨਿਆ ਜਾਂਦਾ ਹੈ। ਭਾਰਤ ਵਿੱਚ ਤਿਤਲੀਆਂ ਦੀਆਂ 1,500 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਖੋਜ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਇਹ ਖੋਜ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅਹਿਮ ਖੋਜਾਂ ਜੈਵ-ਵਿਭਿੰਨਤਾ ਨੂੰ ਬਚਾਉਣ ਲਈ ਸਹਾਈ ਸਿੱਧ ਹੁੰਦੀਆਂ ਹਨ।

Leave a Reply

Your email address will not be published. Required fields are marked *