ਧੂਰੀ ਦੇ ਅਰਪਿਤ ਪਰਾਸ਼ਰ ਭਾਰਤੀ ਨੌਸੈਨਾ ਵਿੱਚ ਸਬ-ਲੈਫਟੀਨੈਂਟ ਬਣੇ

0

ਧੂਰੀ/ ਸ਼ੇਰਪੁਰ, 31 ਮਈ ( ਤਰਸੇਮ ਵਰਮਾ, ਨਰੇਸ਼ ਅਤਰੀ ): ਪੰਜਾਬ ਅਤੇ ਖਾਸ ਕਰਕੇ ਜ਼ਿਲ੍ਹਾ ਸੰਗਰੂਰ ਲਈ ਮਾਣ ਵਾਲੀ ਗੱਲ ਹੈ ਕਿ ਧੂਰੀ ਦੇ ਸ਼ਿਵਪੁਰੀ ਮੁਹੱਲਾ ਵਾਰਡ ਨੰਬਰ 16 ਦੇ ਹੋਣਹਾਰ ਨੌਜਵਾਨ ਅਰਪਿਤ ਪਰਾਸ਼ਰ ਨੇ ਭਾਰਤੀ ਨੌਸੈਨਾ ਵਿੱਚ ਸਬ-ਲੈਫਟੀਨੈਂਟ ਵਜੋਂ ਨਿਯੁਕਤੀ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤੀ ਨੌਸੈਨਾ ਅਕੈਡਮੀ ਵਿੱਚ ਹੋਈ ਸ਼ਾਨਦਾਰ ਪਾਸਿੰਗ ਆਉਟ ਪਰੇਡ ਦੌਰਾਨ ਅਰਪਿਤ ਨੂੰ ਇਹ ਮਾਣਮੱਤਾ ਰੈਂਕ ਪ੍ਰਦਾਨ ਕੀਤਾ ਗਿਆ। ਅਰਪਿਤ ਪਰਾਸ਼ਰ ਨੂੰ ਭਾਰਤੀ ਨੌਸੈਨਾ ਦੀ ਐਜੂਕੇਸ਼ਨ ਬ੍ਰਾਂਚ ਵਿੱਚ ਨਿਯੁਕਤ ਕੀਤਾ ਗਿਆ ਹੈ। ਪਾਸਿੰਗ ਆਉਟ ਪਰੇਡ ਦੀ ਸਮੀਖਿਆ ਦੱਖਣੀ ਨੌਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਸਮੀਰ ਸਕਸੇਨਾ ਵੱਲੋਂ ਕੀਤੀ ਗਈ। ਅਰਪਿਤ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਤੋਂ ਅਤੇ ਬਾਰਵੀਂ ਦੀ ਪੜ੍ਹਾਈ ਸੈਮਰੋਕ ਸਕੂਲ ਮੋਹਾਲੀ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮੰਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਤੋਂ ਤਿਆਰੀ ਕਰਕੇ ਭਾਰਤੀ ਨੌਸੈਨਾ ਵਿੱਚ ਅਧਿਕਾਰੀ ਬਣਨ ਦਾ ਸੁਪਨਾ ਸਾਕਾਰ ਕੀਤਾ। ਅਰਪਿਤ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਉਨ੍ਹਾਂ ਦੇ ਦਾਦਾ ਸੱਤਪਾਲ ਪਰਾਸ਼ਰ, ਦਾਦੀ ਵਿਜੇ ਪਰਾਸ਼ਰ ਸਮੇਤ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਰਪਿਤ ਨੂੰ ਵਧਾਈ ਦਿੱਤੀ ਅਤੇ ਉਸਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਰਪਿਤ ਦੀ ਇਹ ਉਪਲਬਧੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੀ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਧੂਰੀ ਪਹੁੰਚਣ ਤੇ ਸ਼ਹਿਰ ਨਿਵਾਸੀ ਅਤੇ ਪਰਿਵਾਰ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਰਾਮਲੀਲਾ ਕਮੇਟੀ ਧੂਰੀ, ਉਕਾਬ ਫੈਡਰੇਸ਼ਨ, ਸਾਹਿਤ ਸਭਾ ਤੋਂ ਇਲਾਵਾ ਹੋਰ ਵੀ ਧਾਰਮਿਕ ਸੰਸਥਾਵਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।

Leave a Reply

Your email address will not be published. Required fields are marked *