ਪੀ.ਕੇ.ਐੱਸ ਇੰਟਰਨੈਸ਼ਨਲ ਸਕੂਲ ਵਿਖੇ ‘ਤਾਜਪੋਸ਼ੀ ਸਮਾਗਮ’ ਦਾ ਸ਼ਾਨਦਾਰ ਆਯੋਜਨ

0

ਕਰਨਵੀਰ ਹੈੱਡ ਬੁਆਏ ਤੇ ਅਮਨਪ੍ਰੀਤ ਹੈੱਡ ਗਰਲ ਨਿਯੁਕਤ

ਨੌਜਵਾਨ ਆਗੂਆਂ ਨੇ ਸਕੂਲ ਦੀ ਮਰਿਆਦਾ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦਾ ਲਿਆ ਅਹਿਦ

ਬਠਿੰਡਾ, 08 ਮਈ (ਗੁਰਜੰਟ ਸਿੰਘ ਨਥੇਹਾ)- ਪੀ.ਕੇ.ਐੱਸ ਇੰਟਰਨੈਸ਼ਨਲ ਸਕੂਲ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਹਿੱਤ ਤਾਜਪੋਸ਼ੀ ਸਮਾਗਮ ਬੜੇ ਉਤਸ਼ਾਹ ਅਤੇ ਮਰਿਆਦਾ ਨਾਲ ਕਰਵਾਈ ਗਈ। ਸਮਾਗਮ ਦਾ ਆਗਾਜ਼ ਲੀਡਰਸ਼ਿਪ, ਸੇਵਾ ਅਤੇ ਜ਼ਿੰਮੇਵਾਰੀ ਦੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਹੋਇਆ, ਜਿਸ ਨੇ ਮਾਹੌਲ ਨੂੰ ਸੰਜੀਦਗੀ ਅਤੇ ਜੋਸ਼ ਨਾਲ ਭਰ ਦਿੱਤਾ। ਇਸ ਵਿਸ਼ੇਸ਼ ਮੌਕੇ ‘ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਾਬਲੀਅਤਾਂ ਅਨੁਸਾਰ ਅਹੁਦੇ ਸੌਂਪੇ ਗਏ। ਦਸਵੀਂ ਜਮਾਤ ਦੇ ਕਰਨਵੀਰ ਸਿੰਘ ਨੂੰ ‘ਹੈੱਡ ਬੁਆਏ’ ਅਤੇ ਅਮਨਪ੍ਰੀਤ ਕੌਰ ਨੂੰ ‘ਹੈੱਡ ਗਰਲ’ ਵਜੋਂ ਚੁਣਿਆ ਗਿਆ। ਖੇਡਾਂ ਦੇ ਖੇਤਰ ਵਿੱਚ ਅਗਵਾਈ ਲਈ ਸੁਖਬੀਰ ਸਿੰਘ ਨੂੰ ‘ਸਪੋਰਟਸ ਕੈਪਟਨ ਬੁਆਏ’ ਅਤੇ ਪ੍ਰਨੀਤ ਕੌਰ ਨੂੰ ‘ਸਪੋਰਟਸ ਕੈਪਟਨ ਗਰਲ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਨ੍ਹਾਂ ਚੁਣੇ ਗਏ ਨੁਮਾਇੰਦਿਆਂ ਨੂੰ ਵਿਸ਼ੇਸ਼ ਸੈਸ਼ੇ ਅਤੇ ਬੈਜ ਭੇਟ ਕਰਕੇ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਦਾ ਰਸਮੀ ਆਗਾਜ਼ ਕੀਤਾ ਗਿਆ। ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਅਨੁਸ਼ਾਸਨ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਕਪਤਾਨਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਤੋਂ ਪ੍ਰਿੰਸਪ੍ਰੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਤੋਂ ਨਿਆਮਤ ਕੌਰ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਤੋਂ ਹਰਜੋਤ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਤੋਂ ਸੁਮਨਪ੍ਰੀਤ ਕੌਰ ਨੂੰ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਹਾਊਸਾਂ ਦੇ ਵਾਈਸ ਕੈਪਟਨ ਅਤੇ ਪ੍ਰੀਫੈਕਟ ਵੀ ਚੁਣੇ ਗਏ। ਆਪਣੇ ਅਹੁਦੇ ਸੰਭਾਲਦਿਆਂ ਸਮੂਹ ਨਿਯੁਕਤ ਵਿਦਿਆਰਥੀਆਂ ਵੱਲੋਂ ਸਕੂਲ ਦੀਆਂ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਅਕਾਦਮਿਕ ਮਰਿਆਦਾਵਾਂ ਨੂੰ ਤਨਦੇਹੀ ਨਾਲ ਬਣਾਈ ਰੱਖਣ ਲਈ ਸਹੁੰ ਚੁੱਕੀ ਗਈ। ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਆਪਣੀ ਨਵੀਂ ਜ਼ਿੰਮੇਵਾਰੀ ਪ੍ਰਤੀ ਮਾਣ ਅਤੇ ਦ੍ਰਿੜਤਾ ਸਾਫ਼ ਝਲਕ ਰਹੀ ਸੀ। ਪ੍ਰਬੰਧਕਾਂ ਵਲੋਂ ਹੌਸਲਾ-ਅਫਜ਼ਾਈ: ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਕਾਦਮਿਕ ਡਾਇਰੈਕਟਰ ਸ੍ਰੀਮਤੀ ਇੰਦਰਜੀਤ ਕੌਰ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸੀ ਅਤੇ ਦੂਰਦਰਸ਼ੀ ਆਗੂ ਬਣਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ੍ਰੀਮਤੀ ਮਨਜੋਤ ਕੌਰ ਨੇ ਸਮੂਹ ਅਹੁਦੇਦਾਰਾਂ ਨੂੰ ਆਪਸੀ ਤਾਲਮੇਲ ਅਤੇ ਟੀਮ ਵਰਕ ਨਾਲ ਕੰਮ ਕਰਨ ਦੀ ਮਹੱਤਤਾ ਸਮਝਾਈ। ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਭੋਲਾ ਜੀ ਨੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਚੜ੍ਹਦੀਕਲਾ ਲਈ ਅਸ਼ੀਰਵਾਦ ਦਿੱਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਉਚਾਰਨ ਨਾਲ ਹੋਈ।

Leave a Reply

Your email address will not be published. Required fields are marked *