ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਪਟਿਆਲਾ 8 ਮਈ (ਰਾਜਿੰਦਰ ਸਿੰਘ ਥਿੰਦ)
ਸੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ,ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਡਾ. ਭੀਮ ਇੰਦਰ ਸਿੰਘ(ਡਾਇਰੈਕਟਰ , ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਮੁੱਖ ਮਹਿਮਾਨ ਵਜੋਂ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਉਚੇਚੇ ਤੌਰ ’ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਕੌਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਾਲਜ ਦੇ ਇਸ ਵਿਦਿਅਕ ਸੈਸ਼ਨ ਦੌਰਾਨ ਹੋਈਆਂ ਵੱਖ- ਵੱਖ ਸਰਗਰਮੀਆਂ ਤੇ ਪ੍ਰਾਪਤੀਆਂ ਦੇ ਸੰਬੰਧ ਵਿੱਚ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ।
ਕਾਲਜ ਪ੍ਰਿੰਸੀਪਲ ਨੇ ਸਟਾਫ਼ ਅਤੇ ਵਿਦਿਆਰਥਣਾਂ ਦੀਆਂ ਉੱਘੀਆਂ ਪ੍ਰਾਪਤੀਆਂ, ਕਾਲਜ ਗਤੀਵਿਧੀਆਂ ਅਤੇ ਲੋੜਾਂ ਦਾ ਵੇਰਵਾ ਪੇਸ਼ ਕੀਤਾ। ਉਹਨਾਂ ਨੇ ਇਨਾਮ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੈਂ ਵਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਹੋਰ ਤਰੱਕੀ ਕਰੇ ਅਤੇ ਇਸ ਨੂੰ ਉਚਾਈ ਦੀਆਂ ਸਿਖਰਾਂ ਤੇ ਪਹੁੰਚਾਉਣ ਲਈ ਸਾਨੂੰ ਸਭ ਨੂੰ ਹੋਰ ਸਖਤ ਮਿਹਨਤ ਕਰਨ ਦਾ ਉਤਸ਼ਾਹ ਅਤੇ ਸਮਰੱਥ ਬਖਸ਼ੇ। ਇਸ ਦੌਰਾਨ ਸਮੂਹ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਾਪਤੀਆਂ ਲਈ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।
ਡਾ. ਭੀਮ ਇੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਚੰਗੇ ਅਧਿਆਪਕ ਬਣ ਕੇ ਆਪਣੇ ਸੱਭਿਆਚਾਰ ਦੀ ਸਾਂਭ ਸੰਭਾਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਚੰਗਾ ਅਧਿਆਪਕ ਵਿਦਿਆਰਥੀ ਦੇ ਚਰਿੱਤਰ ਨੂੰ ਅਤੇ ਉਸਦੀ ਜ਼ਿੰਦਗੀ ਨੂੰ ਆਪਣੀ ਸ਼ਖ਼ਸੀਅਤ ਨਾਲ ਪ੍ਰਭਾਵਿਤ ਕਰਕੇ ਉਸਨੂੰ ਇੱਕ ਨਵੀਂ ਸੇਧ ਦਿੰਦਾ ਹੈ। ਇਸ ਲਈ ਅਧਿਆਪਕ ਆਪ ਵੀ ਸੁਯੋਗ ਅਗਵਾਈਕਾਰ ਅਤੇ ਗਿਆਨ ਦਾ ਭਰਪੂਰ ਸਰੋਤ ਹੋਣਾ ਚਾਹੀਦਾ ਹੈ ਤਾਂ ਹੀ ਉਹ ਇਹ ਗੁਣ ਆਪਣੇ ਵਿਦਿਆਰਥੀਆਂ ਵਿੱਚ ਭਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਅਸ਼ੀਰਵਾਦ ਦਿੱਤਾ।
ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਸੀ ਆਉਣ ਵਾਲੇ ਸਮੇਂ ਦਾ ਭਵਿੱਖ ਬਣਨ ਜਾ ਰਹੇ ਹੋ । ਤੁਹਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਅਜਿਹੇ ਕਾਲਜ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹੋ ਜਿੱਥੇ ਜ਼ਿੰਦਗੀ ਜਿਊਣ ਦਾ ਢੰਗ ਬਾਖੂਬੀ ਸਿਖਾਇਆ ਜਾਂਦਾ ਹੈ।
ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਹਰਬੰਸ ਸਿੰਘ (ਮੈਂਬਰ ਲੋਕਲ ਮੈਨੇਜਮੈਂਟ ਕਮੇਟੀ), ਮੀਤ ਮੈਨੇਜਰ ਨਵਜਿੰਦਰ ਸਿੰਘ ਸ. ਸੁਖਦੇਵ ਸਿੰਘ, ਸੁਪਰਵਾਈਜ਼ਰ ਵਰਿੰਦਰ ਸਿੰਘ ਨਵਜੋਤ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਪਤਵੰਤੇ ਮਹਿਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਪ੍ਰੋ. ਸੁਖਦੀਪ ਕੌਰ ਜਸੱੜ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸਮੂਹ ਸਟਾਫ ਹਾਜ਼ਿਰ ਰਿਹਾ ।
