ਨਸ਼ਿਆਂ ਵਿਰੁਧ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਵੱਡੀ ਪਹਿਲ

0

ਚੰਡੀਗੜ੍ਹ, 7 ਮਈ (ਦੁਰਗੇਸ਼ ਗਾਜਰੀ) : ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਜਤਿੰਦਰ ਸ਼ੰਟੀ ਮੈਂਬਰ ਹਨ। ਕਮਿਸ਼ਨ ਨੇ ਦੱਸਿਆ ਕਿ ਇਸ ਲਈ 10 ਲੋਕਾਂ ਨੂੰ ਚੁਣਿਆ ਗਿਆ ਹੈ, ਜਿਸ ਵਿੱਚ ਜੱਜ, ਡਾਕਟਰ ਆਦਿ ਸ਼ਾਮਲ ਕੀਤੇ ਗਏ ਹਨ। ਸ਼ੰਟੀ ਨੇ ਦੱਸਿਆ ਕਿ ਕਿਸ ਤਰ੍ਹਾਂ ਬੱਚਿਆਂ ਦੇ ਫ਼ੋਨਾਂ ‘ਤੇ ਨਸ਼ਿਆਂ ਨੂੰ ਲੈ ਕੇ ਮੈਸੇਜ ਆਉਂਦੇ ਹਨ, ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈ। ਇਹ ਸੁਝਾਅ ਸਾਹਮਣੇ ਆਇਆ ਹੈ ਕਿ ਵੱਖ-ਵੱਖ ਸੋਸ਼ਲ ਮੀਡੀਆ ਰਾਹੀਂ ਮੈਸੇਜ ਆਉਂਦੇ ਹਨ। ਉੱਥੇ ਹੀ ਵਕੀਲ ਨੇ ਵੀ ਸੁਝਾਅ ਭੇਜਿਆ ਕਿ ਕਿਸ ਤਰ੍ਹਾਂ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ ਤਾਂ ਜੋ ਲੋਕਾਂ ਦਾ ਵਿਸ਼ਵਾਸ ਬਣ ਸਕੇ। ਕਮਿਸ਼ਨ ਮੈਂਬਰ ਸ਼ੰਟੀ ਨੇ ਦੱਸਿਆ ਕਿ ਉਹ ਸੰਗਰੂਰ ਜੇਲ੍ਹ ਗਏ ਸਨ, ਉੱਥੇ ਜਦੋਂ ਗੱਲ ਕੀਤੀ ਤਾਂ ਇੱਕ 24 ਸਾਲ ਦੀ ਲੜਕੀ ਨੇ ਆਪਣਾ ਸਰੀਰ ਦਿਖਾਇਆ ਕਿ ਉਹ ਕਿਸ ਤਰ੍ਹਾਂ ਨਸ਼ਾ ਕਰਦੀ ਸੀ। ਇਸ ਤੋਂ ਪਤਾ ਲੱਗਾ ਕਿ ਸ਼ਰਮਨਾਕ ਤਰੀਕੇ ਨਾਲ ਦੁਕਾਨਦਾਰ ਕਿਵੇਂ ਸਰਿੰਜਾਂ ਅਤੇ ਨਸ਼ਾ ਵੇਚਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਬੰਦ ਨਹੀਂ ਕਰਵਾਇਆ ਜਾਂਦਾ। ਐਂਟੀ-ਟੈਰਰਿਜ਼ਮ ਦੇ ਮੈਂਬਰ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਕਿਵੇਂ ਕੁਝ ਪੈਸਿਆਂ ਲਈ ਹੈਂਡ ਗ੍ਰੇਨੇਡ ਸੁੱਟੇ ਜਾਂਦੇ ਹਨ। ਇਸ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹ ਨਸ਼ਾ ਕਰਨ ਵਾਲੇ ਲੋਕ ਹਨ, ਜਿਨ੍ਹਾਂ ਤੋਂ ਕੁਝ ਪੈਸਿਆਂ ਬਦਲੇ ਕੁਝ ਵੀ ਕਰਵਾਇਆ ਜਾ ਸਕਦਾ ਹੈ। ਸ਼ੰਟੀ ਨੇ ਦੱਸਿਆ ਕਿ ਕੋਰ ਗਰੁੱਪ ਦੇ ਇਹ ਮੈਂਬਰ ਸਕੂਲਾਂ-ਕਾਲਜਾਂ ਵਿੱਚ ਜਾ ਕੇ ਗੱਲ ਕਰਨਗੇ ਕਿ ਨਸ਼ੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਕਿਉਂਕਿ ਸਕੂਲਾਂ ਦੇ ਬਾਹਰ ਰੇਹੜੀ ਵਾਲੇ ਜਾਂ ਆਨਲਾਈਨ ਫੂਡ ਡਿਲੀਵਰੀ ਵਾਲੇ ਵੀ ਨਸ਼ੇ ਦੀ ਸਪਲਾਈ ਕਰ ਰਹੇ ਹਨ। ਸ਼ੰਟੀ ਨੇ ਕਿਹਾ ਕਿ ਨਸ਼ਾ ਕਿਵੇਂ ਛੱਡਿਆ ਜਾਵੇ, ਇਸ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਿੱਤੀ ਜਾਣ ਵਾਲੀ ਗੋਲੀ ਦੀ ਵੀ ਬਲੈਕ ਹੁੰਦੀ ਹੈ। ਇਸ ਵਿੱਚ ਨਾ ਸਿਰਫ਼ ਪੰਜਾਬ ਸਗੋਂ ਬਾਹਰੀ ਰਾਜਾਂ ਤੋਂ ਜੋ ਨਸ਼ਾ ਆ ਰਿਹਾ ਹੈ, ਉੱਥੇ ਫੈਕਟਰੀਆਂ ਆਪਣੀ ਸਮਰੱਥਾ ਤੋਂ ਵੱਧ ਦਵਾਈਆਂ ਬਣਾ ਰਹੀਆਂ ਹਨ, ਜਿਸ ਵਿੱਚ ਨਸ਼ਾ ਜ਼ਿਆਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸ਼ੰਟੀ ਨੇ ਦੱਸਿਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਤਰਫ਼ੋਂ ਖ਼ੁਦ ਫ਼ੈਸਲਾ ਕਰਕੇ ‘ਸੂ ਮੋਟੋ’ ਲਵਾਂਗੇ। ਅਸੀਂ ਕਮੇਟੀ ਮੈਂਬਰਾਂ ਦੇ ਨਾਂ ਨਹੀਂ ਦੱਸ ਸਕਦੇ, ਪਰ ਉਹ ਨਸ਼ਿਆਂ ਅਤੇ ਗੈਂਗਸਟਰਾਂ ਦੇ ਖ਼ਿਲਾਫ਼ ਕੰਮ ਕਰਨਗੇ।

Leave a Reply

Your email address will not be published. Required fields are marked *