ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਅੱਗ ਤੋਂ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ

ਗੜ੍ਹਸ਼ੰਕਰ 5 ਮਈ (ਰਾਕੇਸ਼ ਕੁਮਾਰ)- ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਜੇ ਬਸਰਾ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਫਾਇਰ ਸੇਫਟੀ (ਅੱਗ ਤੋਂ ਸੁਰੱਖਿਆ) ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹਸਪਤਾਲ ਦੇ ਐਸ.ਐਮ.ਓ ਦੀ ਅਗਵਾਈ ਹੇਠ ਸਮੂਹ ਡਾਕਟਰਾਂ, ਨਰਸਿੰਗ ਸਟਾਫ, ਫਾਰਮਾਸਿਸਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਅੱਗ ਤੋਂ ਬਚਾਅ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਗਈ।ਜਿਸ ਵਿਚ ਸਮੂਹ ਸਟਾਫ ਨੇ ਪ੍ਰਣ ਲਿਆ ਕਿ ਉਹ ਹਸਪਤਾਲ ਦੀ ਇਮਾਰਤ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਚੇਤ ਰਹਿਣਗੇ ਅਤੇ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਮਰੀਜ਼ਾਂ ਦੀ ਜਾਨ-ਮਾਲ ਦੀ ਰਾਖੀ ਨੂੰ ਪਹਿਲ ਦੇਣਗੇ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹਸਪਤਾਲਾਂ ਵਰਗੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਅੱਗ ਤੋਂ ਬਚਾਅ ਲਈ ਸੁਰੱਖਿਆ ਪ੍ਰਬੰਧਾਂ ਦਾ ਹੋਣਾ ਅਤੇ ਸਟਾਫ ਦਾ ਸਿਖਲਾਈ ਪ੍ਰਾਪਤ ਹੋਣਾ ਅਤਿ ਜ਼ਰੂਰੀ ਹੈ। ਇਸ ਮੌਕੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਨ ਅਤੇ ਸ਼ਾਰਟ ਸਰਕਟ ਵਰਗੇ ਖ਼ਤਰਿਆਂ ਤੋਂ ਬਚਣ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ
ਐਸ.ਐਮ.ਓ. ਡਾਕਟਰ ਅਜੇ ਬਸਰਾ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਹਸਪਤਾਲ ਨੂੰ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਹੈ। ਅੱਜ ਦੀ ਇਸ ਮੁਹਿੰਮ ਰਾਹੀਂ ਅਸੀਂ ਆਪਣੇ ਸਟਾਫ ਨੂੰ ਮਾਨਸਿਕ ਤੌਰ ‘ਤੇ ਤਿਆਰ ਕੀਤਾ ਹੈ ਤਾਂ ਜੋ ਕਿਸੇ ਵੀ ਮੰਦਭਾਗੀ ਘਟਨਾ ਸਮੇਂ ਤੁਰੰਤ ਕਾਰਵਾਈ ਕੀਤੀ ਜਾ ਸਕੇ।
