ਯਾਦਵਿੰਦਰਾ ਸਾਇੰਸਜ਼ ਵਿਭਾਗ, ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਭਵਿੱਖ ਯੋਜਨਬੰਦੀ ਲਈ ਜਾਗਰੂਕ ਕੀਤਾ ਅਤੇ ਮੁਨੀਸ਼ਾ ਨੂੰ ‘ਸਾਲ ਦੀ ਸਰਵੋਤਮ ਵਿਦਿਆਰਥਣ’ ਐਲਾਨਿਆ

0

ਤਲਵੰਡੀ ਸਾਬੋ, 29 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ, ਵੱਲ਼ੋਂ ਕਰੀਅਰ ਕੌਂਸਲਿੰਗ ਵਿਸ਼ੇ ‘ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕਰਕੇ ਵਿਦਿਆਰਥੀਆਂ ਦਾ ਭਵਿੱਖ ਦੀ ਯੋਜਨਾਬੰਦੀ ਲਈ ਮਾਰਗਦਰਸ਼ਨ ਕੀਤਾ। ਡਾ. ਸ਼ਰੂਤੀ ਸ਼ਰਮਾਂ, ਡਾ ਬਲਜਿੰਦਰ ਕੌਰ ਅਤੇ ਡਾ. ਲਖਬੀਰ ਸਿੰਘ ਨੇ ਆਪਣੀਆਂ ਤਕਰੀਰਾਂ ਨਾਲ ਵੱਖ- ਵੱਖ ਪਹਿਲੂਆਂ ਤੇ ਵਿਦਿਆਰਥੀਆਂ ਨਾਲ ਨੁਕਤੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦੌਰਾਨ ਜੂਨੀਅਰ ਵਿਦਿਆਰਥੀਆਂ ਦੇ ਬਿਹਤਰ ਵਿਅਕਤਿੱਤਵ ਨੂੰ ਉਭਾਰਨ ਲਈ ਵਿਭਾਗ ਦੀ ਬੀ.ਐਸ.ਸੀ (ਨਾਨ ਮੈਡੀਕਲ) ਆਖਰੀ ਸਾਲ ਦੀ ਵਿਦਿਆਰਥਣ ਮੁਨੀਸ਼ਾ ਨੂੰ ‘ਸਾਲ ਦੀ ਸਰਵੋਤਮ ਵਿਦਿਆਰਥਣ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਮੁਨੀਸ਼ਾ ਨੂੰ ਉਸਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ, ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ, ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਇੱਕ ਪਾਏਦਾਰ ਕੜੀ ਵਜੋਂ ਉਸਦੇ ਤਿੰਨ ਸਾਲਾਂ ਦੇ ਡਿਗਰੀ ਕੋਰਸ ਦੌਰਾਨ ਕੀਤੇ ਮਿਸਾਲੀ ਕਾਰਜਾਂ ਅਤੇ ਆਚਰਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾ ਪ੍ਰੀਤੀ ਬਾਂਸਲ ਨੇ ਮੁਨੀਸ਼ਾ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁਨੀਸ਼ਾ ਮਿਹਨਤ, ਇਮਾਨਦਾਰੀ, ਹਮਦਰਦੀ ਅਤੇ ਲੀਡਰਸ਼ਿਪ ਵਰਗੀਆਂ ਕਦਰਾਂ ਕੀਮਤਾਂ ਦਾ ਸੁਮੇਲ ਹੈ ਅਤੇ ਉਹ ਆਪਣੇ ਜੂਨੀਅਰਾਂ ਲਈ ਇੱਕ ਰੋਲ ਮਾਡਲ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹ ਪੁਰਸਕਾਰ ਜੂਨੀਅਰ ਵਿਦਿਆਰਥੀਆਂ ਲਈ ਸਰਵੋਤਮ ਬਨਣ ਲਈ ਪ੍ਰੇਰਨਾਸ੍ਰੋਤ ਵਜੋਂ ਕੰਮ ਕਰੇਗਾ। ਸਮੁੱਚੇ ਵਿਭਾਗ ਵੱਲ਼ੋਂ ਮੁਨੀਸ਼ਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮੁਨੀਸ਼ਾ ਨੇ ਇਸ ਯਾਤਰਾ ਦੌਰਾਨ ਆਪਣੇ ਅਧਿਆਪਕਾਂ, ਮਾਪਿਆਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਅੰਜੂ ਸੈਣੀ, ਡਾ. ਦਿਵਿਆ ਤਨੇਜਾ, ਪ੍ਰੋ ਅਨੁ ਬਾਲਾ, ਡਾ. ਸ਼ਿਪਰਾ, ਡਾ. ਤਰੁਣ ਗਰਗ ਵੀ ਹਾਜਰ ਰਹੇ।

Leave a Reply

Your email address will not be published. Required fields are marked *