ਫਰੀਦਕੋਟ ਪੁਲਿਸ ਦੀ ਹਾਜ਼ਰੀ ‘ਚ ਨੌਜਵਾਨ ਨੂੰ ਸ਼ਰ੍ਹੇਆਮ ਮਾਰੀ ਗੋਲੀ

ਘਟਨਾ ਵਾਪਰਨ ਤੋਂ ਬਾਅਦ ਵੀ ਪੁਲਿਸ ‘ਤੇ ਦੇਰੀ ਨਾਲ ਕਾਰਵਾਈ ਦੇ ਦੋਸ਼
ਬਠਿੰਡਾ, 29 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਬਠਿੰਡਾ ਦੇ ਪਿੰਡ ਗੁਰੂਸਰ ਸੈਣੇ ਵਾਲਾ ਵਿਖੇ ਉਸ ਸਮੇਂ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਫਰੀਦਕੋਟ ਪੁਲਿਸ ਦੀ ਹਾਜ਼ਰੀ ਵਿੱਚ ਇੱਕ ਨੌਜਵਾਨ ਨਿਰਮਲ ਸਿੰਘ ਉਰਫ ਟੀਟੂ ਨੂੰ ਕੁਝ ਲੋਕਾਂ ਵੱਲੋਂ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਖੇਤ ਤੋਂ ਵਾਪਸ ਪਰਤ ਰਿਹਾ ਸੀ। ਇਸ ਮਾਮਲੇ ਮਗਰੋਂ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿਰਮਲ ਸਿੰਘ ਉਰਫ ਟੀਟੂ ਖਿਲਾਫ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਦਿਨੀਂ ਪ੍ਰਾਪਰਟੀ ਵਿਵਾਦ ਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੇ ਚਲਦੇ ਫਰੀਦਕੋਟ ਪੁਲਿਸ ਵੱਲੋਂ ਕੁਝ ਲੋਕਾਂ ਨਾਲ ਨਿਰਮਲ ਸਿੰਘ ਉਰਫ ਟੀਟੂ ਦੇ ਘਰ ਦਬਿਸ਼ ਦਿੱਤੀ ਗਈ ਸੀ ਜਦੋਂ ਨਿਰਮਲ ਸਿੰਘ ਟੀਟੂ ਖੇਤ ਤੋਂ ਆਪਣੇ ਘਰ ਪਰਤ ਰਿਹਾ ਸੀ ਤਾਂ ਇਸ ਦੌਰਾਨ ਹੀ ਪੁਲਿਸ ਨਾਲ ਆਏ ਕੁਝ ਲੋਕਾਂ ਵੱਲੋਂ ਗੋਲੀ ਚਲਾ ਦਿੱਤੀ ਜੋ ਕਿ ਨਿਰਮਲ ਸਿੰਘ ਉਰਫ ਟੀਟੂ ਦੀ ਕਿਡਨੀ ਵਿੱਚ ਲੱਗੀ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਲਿਆਂਦਾ ਗਿਆ ਹੈ। ਨਿਰਮਲ ਸਿੰਘ ਟੀਟੂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ ਕੋਲ ਉਹਨਾਂ ਦੀ ਭੂਆ ਜੀ ਰਹਿ ਰਹੇ ਸਨ ਜਿਨਾਂ ਦੇ ਨਾਮ ’ਤੇ ਕੋਟਕਪੂਰਾ ਵਿਖੇ ਕਰੋੜਾਂ ਦੀ ਪ੍ਰਾਪਰਟੀ ਸੀ ਜਿਸ ਨੂੰ ਲੈ ਕੇ ਉਨਾਂ ਦਾ ਵਿਵਾਦ ਚੱਲ ਰਿਹਾ ਸੀ ਕੁਝ ਲੋਕ ਪੁਲਿਸ ਨਾਲ ਉਹਨਾਂ ਦੇ ਘਰ ਪਹੁੰਚੇ ਅਤੇ ਇਸ ਦੌਰਾਨ ਹੀ ਉਹਨਾਂ ਦੇ ਪਿਤਾ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਪਹਿਲਾਂ ਵੀ ਵਿਵਾਦ ਦੇ ਚੱਲਦੇ ਉਹਨਾਂ ਦਾ ਅਸਲਾ ਜਮਾ ਕਰਵਾ ਲਿਆ ਗਿਆ ਸੀ ਤੇ ਅੱਜ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵੀ ਪੁਲਿਸ ਵੱਲੋਂ ਦੇਰੀ ਨਾਲ ਕਾਰਵਾਈ ਕੀਤੀ ਗਈ, ਉਹਨਾਂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਹਨ, ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਥਿਤੀ ਗੰਭੀਰ ਬਣੀ ਹੋਈ ਹੈ। ਉਧਰ ਇਸ ਘਟਨਾ ਦਾ ਪਤਾ ਚੱਲਦੇ ਪ੍ਰਾਈਵੇਟ ਹਸਪਤਾਲ ਪਹੁੰਚੇ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੋਲੀ ਚੱਲਣ ਸਬੰਧੀ ਜਾਣਕਾਰੀ ਮਿਲੀ ਸੀ ਅਤੇ ਇੱਕ ਨੌਜਵਾਨ ਨਿਰਮਲ ਸਿੰਘ ਉਰਫ ਟੀਟੂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਸੀ ਜਿਸ ’ਤੇ ਉਹ ਤੁਰੰਤ ਪ੍ਰਾਈਵੇਟ ਹਸਪਤਾਲ ਪਹੁੰਚੇ ਹਨ ਅਤੇ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਕਿਹਾ ਕਿ ਫਿਲਹਾਲ ਪ੍ਰਾਪਰਟੀ ਦੇ ਵਿਵਾਦ ਦੇ ਚਲਦਿਆਂ ਇਹ ਘਟਨਾ ਵਾਪਰੀ ਹੈ ਫਿਰ ਵੀ ਪੁਲਿਸ ਵੱਲੋਂ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਅਤੇ ਜੋ ਵੀ ਇਸ ਮਾਮਲੇ ਵਿੱਚ ਸ਼ਾਮਿਲ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
