ਖੇੜੀ ਗੁਰਨਾ ਵਿਖੇ ਵੇਅਰ ਹਾਊਸ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

0

ਬਨੂੜ 29 ਅਪ੍ਰੈਲ (ਰਾਜਿੰਦਰ ਸਿੰਘ) ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਕੌਮੀ ਮਾਰਗ ਤੇ ਪੈਂਦੇ ਪਿੰਡ ਖੇੜੀ ਗੁਰਨਾ ਵਿਖੇ ਸਥਿਤ ਬੀ ਜੇ ਐਮ ਐਸ ਨਾਮੀ ਵੇਅਰਹਾਉਸ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਂਕਰ ਸੀ ਕਿ ਦੂਰ ਦੂਰ ਤੱਕ ਧੂੰਏ ਦੇ ਗੁਬਾਰ ਉਠਦੇ ਵਿਖਾਈ ਦਿੱਤੇ। ਇਸ ਨਾਲ ਸੜਕ ਤੇ ਜਾਂਦੀ ਦੋਨਾਂ ਪਾਸਿਆਂ ਦੀ ਆਵਾਜਾਈ ਠੱਪ ਹੋ ਗਈ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਗੋਦਾਮ ਵਿੱਚ ਮਦਦ ਕਰਨ ਲਈ ਪੁੱਜੇ। ਪਰ ਗੋਦਾਮ ਵਿੱਚ ਕੋਈ ਵੀ ਅੱਗ ਬੁਝਾਉਣ ਲਈ ਯੰਤਰ ਮੋਜੂਦ ਨਹੀਂ ਸੀ।  ਅੱਗ ਲੱਗਣ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵੱਡੀ ਗਿਣਤੀ ਵਿੱਚ ਗੋਦਾਮ ਅੰਦਰ ਪਿਆ ਇਲੈਕਟ੍ਰੋਨਿਕ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। 

ਪਿੰਡ ਖੇੜੀ ਗੁਰਨਾ ਦੇ ਸਰਪੰਚ ਜਸਮੀਤ ਸਿੰਘ ਰੋਡੀ ਨੇ ਦੱਸਿਆ ਕਿ ਬਨੂੜ ਤੇਪਲਾ ਕੋਮੀ ਮਾਰਗ ਤੇ ਵੱਡੀ ਗਿਣਤੀ ਵਿੱਚ ਵੇਅਰ ਹਾਊਸ ਬਣੇ ਹੋਏ ਹਨ। ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਇਥੇ ਬੀਜੇਐਮਐਸ ਨਾਮੀ ਵੇਅਰ ਹਾਊਸ ਵਿਚ ਅੱਗ ਲੱਗ ਗਈ। ਉਸ ਸਮੇਂ ਵੇਅਰ ਹਾਊਸ ਵਿੱਚ ਸਕਿਓਰਟੀ ਗਾਰਡ ਹੀ ਮੋਜੂਦ ਸਨ। ਜਦੋਂ ਸਕਿਓਰਟੀ ਗਾਰਡ ਗੋਦਾਮ ਵਿੱਚੋਂ ਨਿਕਲ ਰਹੇ ਧੂੰਏਂ ਨੂੰ ਵੇਖਣ ਲਈ ਅੱਗੇ ਗਏ ਤਾਂ ਦੇਖਦੇ ਹੀ ਦੇਖਦੇ ਗੋਦਾਮ ਵਿੱਚੋਂ ਅੱਗ ਦੀਆਂ ਵੱਡੀਆਂ ਵੱਡੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਉਨਾਂ ਤੁਰੰਤ ਇਸ ਦੀ ਸੂਚਨਾ ਗੋਦਾਮ ਦੇ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਕੁਝ ਹੀ ਸਮੇਂ ਵਿੱਚ ਘਨੌਰ ਅਤੇ ਰਾਜਪੁਰਾ ਤੋਂ ਫਾਇਰ ਬ੍ਰਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ, ਜਿਨ੍ਹਾਂ ਅੱਗ ਤੇ ਕਾਬੂ ਪਾਉਣ ਦੀ ਅਥਾਹ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇਸ ਤੋਂ ਬਾਅਦ ਮੋਹਾਲੀ, ਜੀਰਕਪੁਰ, ਡੇਰਾਬਸੀ ਤੇ ਫਤਿਹਗੜ੍ਹ ਸਾਹਿਬ ਤੋਂ ਫਾਇਰ ਬ੍ਰਗੇਡ ਦੀਆਂ ਗੱਡੀਆਂ ਪੁੱਜੀਆਂ ਜੋ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਉਹ ਨਾਕਾਮ ਸਾਬਿਤ ਹੋ ਰਹੇ ਸਨ। ਕਿਉਂਕਿ ਫਾਇਰ ਮੁਲਾਜ਼ਮਾਂ ਨੂੰ ਅੱਗ ਲੱਗੀ ਜਗਾ ਤੇ ਪਾਣੀ ਪਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਸਨ। ਜਿਸ ਤੋਂ ਬਾਅਦ ਫਾਇਰ ਮੁਲਾਜ਼ਮਾਂ ਨੇ ਗੋਦਾਮ ਦੀਆਂ ਕੰਧਾਂ ਤੁੜਵਾਈਆਂ ਜਿਸ ਤੋਂ ਬਾਅਦ ਦੁਪਹਿਰ ਤੱਕ ਅੱਗ ਤੇ ਕਾਬੂ ਪਾਇਆ ਗਿਆ। ਜੇਕਰ ਸਮਾਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਨਾਲ ਲਗਦੇ ਦੂਜੇ ਗੋਦਾਮਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ। ਇਸ ਵੇਅਰ ਹਾਊਸ ਵਿੱਚ ਵੱਖ-ਵੱਖ ਕੰਪਨੀਆਂ ਦੇ ਤਿੰਨ ਗੋਦਾਮ ਬਣੇ ਹੋਏ ਹਨ, ਜਿਨ੍ਹਾਂ ਦਾ ਬਚਾਓ ਹੋ ਗਿਆ। ਦੱਸਣਯੋਗ ਹੈ ਕਿ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਕੌਮੀ ਮਾਰਗ ਤੇ ਲਾਜਿਸਟਿਕ ਪਾਰਕ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਕਾਰਨ ਇਸ ਕੋਮੀ ਮਾਰਗ ਤੇ ਗੋਦਾਮਾਂ ਦੀ ਭਰਮਾਰ ਹੈ।

ਕੀ ਕਹਿਣਾ ਹੈ ਫਾਇਰ ਅਫ਼ਸਰ ਦਾ- ਇਸ ਮਾਮਲੇ ਸਬੰਧੀ ਜਦੋਂ ਫਾਇਰ ਅਫ਼ਸਰ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ਉੱਨਾਂ ਨੂੰ ਗੋਦਾਮ ਵਿੱਚ ਅੱਗ ਲੱਗੀ ਹੋਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਗੱਡੀਆਂ ਲੈ ਕੇ ਮੌਕੇ ਤੇ ਪੁੱਜੇ। ਅੱਗ ਬਹੁਤ ਹੀ ਭਿਆਨਕ ਲੱਗੀ ਹੋਈ ਸੀ ਇਸ ਤੋਂ ਤੁਰੰਤ ਬਾਅਦ ਉਨਾਂ ਦੂਜੇ ਸਟੇਸ਼ਨਾਂ ਤੇ ਫੋਨ ਕਰਕੇ ਗੱਡੀਆਂ ਮਗਵਾਈਆਂ ਤੇ ਅੱਗ ਤੇ ਕਾਬੂ ਪਾਇਆ। 

ਕੀ ਕਹਿਣਾ ਹੈ ਗੋਦਾਮ ਪ੍ਰਬੰਧਕਾਂ ਦਾ- ਇਸ ਮਾਮਲੇ ਸਬੰਧੀ ਜਦੋਂ ਪ੍ਰਬੰਧਕ ਅਨਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀ ਚੱਲ ਸਕਿਆ। ਉਨ੍ਹਾਂ ਕਿਹਾਕਿ ਇਸ ਅੱਗ ਨਾਲ ਉਨਾਂ ਦੇ ਗੋਦਾਮ ਵਿੱਚ ਪਿਆ ਵੱਡੀ ਮਾਤਰਾ ਵਿੱਚ ਇਲੈਕਟ੍ਰਾਨਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਗੋਦਾਮ ਵਿੱਚ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਨਾ ਹੋਣ ਬਾਰੇ ਪੁੱਛੇ ਜਾਣ ਤੇ ਉਨਾਂ ਕਿਹਾਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। 

ਫੋਟੋ  ਖੇੜੀ ਗੁਰਨਾ ਵਿਖੇ ਗੋਦਾਮ ਨੂੰ ਲੱਗੀ ਅੱਗ ਦੀ ਤਸਵੀਰ ਤੇ ਅੱਗ ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ।

Leave a Reply

Your email address will not be published. Required fields are marked *