*ਸਮਾਜ ਦੀ ਬੇਹਤਰੀ ਲਈ ਵੱਖ-ਵੱਖ ਜਨਤਕ ਅਦਾਰਿਆਂ ਦਾ ਆਪਸ ਵਿੱਚ ਮੇਲ-ਜੋਲ ਬਣਾ ਕੇ ਚੱਲਣਾ ਬਹੁਤ ਜ਼ਰੂਰੀ: ਡਾ. ਜਗਦੀਪ ਸਿੰਘ

ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਅਧੀਨ ਕਾਰਜਸ਼ੀਲ ਸੰਸਥਾ ‘ਮਗਸੀਪਾ’ ਨਾਲ਼ ਕੀਤਾ ਇਕਰਾਰਨਾਮਾ*
ਪਟਿਆਲਾ, 28 ਅਪ੍ਰੈਲ(ਰਾਜਿੰਦਰ ਸਿੰਘ ਥਿੰਦ)
ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਅਧੀਨ ਕਾਰਜਸ਼ੀਲ ਖੁਦਮੁਖਤਿਆਰ ਸੰਸਥਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਨਾਲ਼ ਇਕਰਾਰਨਾਮਾ ਕੀਤਾ ਗਿਆ ਹੈ।
ਇਸ ਇਕਰਾਰਨਾਮੇ ਨੂੰ ਰਸਮੀ ਰੂਪ ਦੇਣ ਹਿਤ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ
ਇਸ ਇਕਰਾਰਨਾਮੇ ਦਾ ਮੁੱਖ ਉਦੇਸ਼ ਦੋਹਾਂ ਅਦਾਰਿਆਂ ਦਰਮਿਆਨ ਸਥਾਈ ਸਹਿਯੋਗੀ ਢਾਂਚਾ ਸਥਾਪਤ ਕਰਨਾ ਅਤੇ ਦੋਹਾਂ ਅਦਾਰਿਆਂ ਦੀਆਂ ਵੱਖ-ਵੱਖ ਮੁਹਾਰਤਾਂ ਨੂੰ ਇੱਕ ਮੰਚ ‘ਤੇ ਇਕੱਠਿਆਂ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਹੇਂ ਸੰਸਥਾਵਾਂ ਦੀਆਂ ਆਪੋ ਆਪਣੇ ਖੇਤਰ ਵਿੱਚ ਵੱਖ-ਵੱਖ ਮੁਹਾਰਤਾਂ ਤੇ ਵਿਲੱਖਣਤਾਵਾਂ ਹਨ। ਇਹ ਭਾਈਵਾਲੀ ਦੋਵਾਂ ਸੰਸਥਾਵਾਂ ਦੀਆਂ ਵੱਖ-ਵੱਖ ਸਮਰੱਥਾਵਾਂ ਨੂੰ ਇੱਕ ਮੰਚ ‘ਤੇ ਲਿਆਵੇਗੀ। ਉਨ੍ਹਾਂ ਕਿਹਾ ਕਿ ਬਿਹਤਰ ਨਤੀਜਿਆਂ ਦੀ ਪ੍ਰਾਪਤੀ ਅਤੇ ਸਮਾਜ ਦੀ ਬੇਹਤਰੀ ਲਈ ਵੱਖ-ਵੱਖ ਜਨਤਕ ਅਦਾਰਿਆਂ ਦਾ ਆਪਸ ਵਿੱਚ ਮੇਲ-ਜੋਲ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਜਨਤਕ ਨੀਤੀਆਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਖੋਜ ਕਾਰਜ ਕਰ ਸਕਣਗੀਆਂ। ਇਕਰਾਰਨਾਮੇ ਤਹਿਤ ਲਾਇਬ੍ਰੇਰੀਆਂ, ਡਾਟਾਬੇਸ ਅਤੇ ਹੋਰ ਤਕਨੀਕੀ ਸਹੂਲਤਾਂ ਦੀ ਵਰਤੋਂ ਦੋਵੇਂ ਅਦਾਰੇ ਸਾਂਝੇ ਤੌਰ ‘ਤੇ ਕਰ ਸਕਣਗੇ। ਸਮੇਂ-ਸਮੇਂ ‘ਤੇ ਸਾਂਝੇ ਤੌਰ ‘ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਕਰਵਾਈਆਂ ਜਾਣਗੀਆਂ ਤਾਂ ਜੋ ਪ੍ਰਸ਼ਾਸਨਿਕ ਕੰਮਕਾਜ ਵਿੱਚ ਨਵੀਨਤਾ ਲਿਆਂਦੀ ਜਾ ਸਕੇ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਦਵਿੰਦਰਪਾਲ ਸਿੰਘ ਸਿੱਧੂ ਸਮੇਤ ਦੋਵਾਂ ਸੰਸਥਾਵਾਂ ਦੇ ਉੱਚ ਅਧਿਕਾਰੀ ਹਾਜ਼ਰ ਰਹੇ।
