ਲਾਏ ਜਾ ਰਹੇ ਬਿਜਲੀ ਕੱਟਾਂ ਵਿਰੁਧ ਅਕਾਲੀ ਦਲ ਸੂਬੇ ਭਰ ‘ਚ ਕਰੇਗਾ ਰੋਸ ਮਾਰਚ

0

ਅਸੀਂ ਲੋਕ ਵਿਰੋਧੀ ਮਾਨ ਸਰਕਾਰ ਨੂੰ ਕਾਰਵਾਈ ਕਰਨ ਲਈ ਮਜਬੂਰ ਕਰਾਂਗੇ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 28 ਅਪ੍ਰੈਲ (ਕਮਲਜੋਤ ਕਾਂਸਲ) : ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬੀਆਂ ’ਤੇ ਲਗਾਏ ਜਾ ਰਹੇ ਨਜਾਇਜ਼ ਬਿਜਲੀ ਕੱਟਾਂ ਵਿਰੁਧ 30 ਅਪ੍ਰੈਲ ਨੂੰ ਸੂਬੇ ਭਰ ਵਿਚ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਰੋਸ ਮੁਜ਼ਾਹਰੇ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕਾਰਕੁਨ 30 ਅਪ੍ਰੈਲ ਨੂੰ ਸੂਬੇ ਭਰ ਵਿਚ ਦਿਨ ਭਰ ਚੱਲਣ ਵਾਲਾ ਧਰਨਾ ਲਗਾ ਕੇ ਆਪ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਮਜਬੂਰ ਕਰਨਗੇ। ਉਹਨਾਂ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਲਗਾਤਾਰ ਵਿਗੜ ਰਹੀ ਬਿਜਲੀ ਸਪਲਾਈ ਸਥਿਤੀ ਨੂੰ ਵੇਖਦਿਆਂ ਲਿਆ ਗਿਆ ਹੈ ਕਿਉਂਕਿ ਇਸ ਕਾਰਨ ਲੋਕ ਪੰਜਾਬ ਭਰ ਵਿਚ ਰਾਤਾਂ ਜਾਗ ਕੱਟਣ ਤੇ ਨਿਰੰਤਰ ਕੱਟਾਂ ਦਾ ਸਾਹਮਣਾ ਕਰਨ ਵਾਸਤੇ ਮਜਬੂਰ ਹੋਏ ਹਨ। ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਰਕਰ ਹਰ ਵਿਧਾਨ ਸਭਾ ਹਲਕੇ ਵਿਚ ਐਸ ਡੀ ਐਮ/ਡੀ ਸੀ ਦਫਤਰਾਂ ਤੇ ਬਿਜਲੀ ਨਿਗਮ ਦੇ ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰਨਗੇ ਤੇ ਨਿਰੰਤਰ ਬਿਜਲੀ ਸਪਲਾਈ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਇਹ ਲੱਗ ਰਹੇ ਬਿਜਲੀ ਕੱਟ ਅਚਨਚੇਤ ਹੀ ਨਹੀਂ ਲੱਗ ਰਹੇ। ਇਹ ਸਰਕਾਰ ਦੀ ਮਾੜੀ ਯੋਜਨਾਬੰਦੀ ਤੇ ਸਮੇਂ ਸਿਰ ਬਿਜਲੀ ਖਰੀਦ ਵਾਸਤੇ ਸਮਝੌਤੇ ਕਰਨ ਤੇ ਪ੍ਰਸ਼ਾਸਕੀ ਨਾਕਾਮੀ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਬਜਾਏ ਸੰਕਟ ਨਾਲ ਨਜਿੱਠਣ ਦੇ ਸਰਕਾਰ ਆਪਣੀ ਅੰਦਰੂਨੀ ਅਸਥਿਰਤਾ ਤੇ ਇਸਦੀ ਹੋਂਦ ਨੂੰ ਬਣੇ ਖ਼ਤਰਿਆਂ ਨਾਲ ਨਜਿੱਠਣ ਵਿਚ ਰੁੱਝੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਇਸਦੇ ਐਮ ਪੀ ਪਾਰਟੀ ਛੱਡ ਗਏ ਹਨ।

Leave a Reply

Your email address will not be published. Required fields are marked *