ਪੰਜਾਬ ਦੀਆਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣਾ ਕਾਂਗਰਸ ਦੀ ਵੱਡੀ ਦੇਣ: ਗੌਰਵ ਸੰਧੂ

ਸਨੌਰ,/ਪਟਿਆਲ਼ਾ 28 ਅਪ੍ਰੈਲ (ਰਾਜਿੰਦਰ ਸਿੰਘ ਥਿੰਦ)
ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਮਨਾਏ ਗਏ ਰਾਜ ਪੱਧਰੀ ਪੰਚਾਇਤ ਦਿਵਸ ਸਮਾਗਮ ਦੌਰਾਨ ਹਲਕਾ ਸਨੌਰ ਤੋਂ ਵੀ ਉਤਸ਼ਾਹਪੂਰਣ ਹਿਸੇਦਾਰੀ ਵੇਖਣ ਨੂੰ ਮਿਲੀ। ਕਾਂਗਰਸ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪ੍ਰਦੇਸ਼ ਉਪ ਪ੍ਰਧਾਨ ਗੌਰਵ ਸੰਧੂ ਦੀ ਅਗਵਾਈ ਹੇਠ ਸਰਪੰਚਾਂ, ਪੰਚਾਂ, ਸਾਬਕਾ ਨੁਮਾਇੰਦਿਆਂ ਅਤੇ ਬਲਾਕ ਕਮੇਟੀ ਮੈਂਬਰਾਂ ਦਾ ਵੱਡਾ ਜਥਾ ਚੰਡੀਗੜ੍ਹ ਪਹੁੰਚਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਦੇਸ਼ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜੀਵ ਗਾਂਧੀ ਵੱਲੋਂ ਲੋਕ ਸਭਾ ਵਿੱਚ ਪੰਚਾਇਤਾਂ ਨੂੰ ਵਧੇਰੇ ਅਧਿਕਾਰ ਦੇਣ ਲਈ ਬਿੱਲ ਪੇਸ਼ ਕੀਤਾ ਗਿਆ ਸੀ, ਜੋ ਉਸ ਸਮੇਂ ਪਾਸ ਨਹੀਂ ਹੋ ਸਕਿਆ। ਬਾਅਦ ਵਿੱਚ ਪ੍ਰਧਾਨ ਮੰਤਰੀ ਪੀ.ਵੀ. ਨਰਸਿੰਹ ਰਾਓ ਦੀ ਅਗਵਾਈ ਵਿੱਚ ਇਸ ਬਿੱਲ ਨੂੰ ਸੰਸਦ ਵੱਲੋਂ ਮੰਜ਼ੂਰੀ ਮਿਲੀ, ਜਿਸ ਨਾਲ ਪੰਚਾਇਤੀ ਰਾਜ ਪ੍ਰਣਾਲੀ ਨੂੰ ਨਵੀਂ ਦਿਸ਼ਾ ਮਿਲੀ। ਉਨ੍ਹਾਂ ਨੇ ਕਿਹਾ ਕਿ 24 ਅਪ੍ਰੈਲ 1993 ਨੂੰ ਲਾਗੂ ਹੋਏ ਕਾਨੂੰਨ ਨਾਲ ਪਿੰਡ ਪੱਧਰ ‘ਤੇ ਲੋਕਤੰਤਰ ਨੂੰ ਮਜ਼ਬੂਤੀ ਮਿਲੀ ਅਤੇ ਅੱਜ ਜ਼ਿਲ੍ਹਾ ਪਰਿਸ਼ਦਾਂ, ਬਲਾਕ ਕਮੇਟੀਆਂ ਅਤੇ ਪਿੰਡ ਪੰਚਾਇਤਾਂ ਇਸਦਾ ਵੱਡਾ ਲਾਭ ਲੈ ਰਹੀਆਂ ਹਨ। ਸੰਧੂ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਹੀ ਹਮੇਸ਼ਾਂ ਲੋਕਤੰਤਰ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਹੈ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਰਾਜਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਰਹੀਆਂ ਹਨ। ਇਸ ਮੌਕੇ ਸੁਖਵਿੰਦਰ ਕੌਰ ਦਿਓਲ (ਬਲਾਕ ਪ੍ਰਧਾਨ), ਚਰਨਜੀਤ ਕੌਰ, ਸ਼ਮੋ ਦੇਵੀ, ਜਗਜੀਤ ਕੌਰ, ਹਰਬੰਸ ਕੌਰ, ਦੀਪ ਚੰਦ (ਸਰਪੰਚ), ਨਿਰਮਲ ਸਿੰਘ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਦਲਜੀਤ ਸਿੰਘ, ਨਵਦੀਪ ਵਿਰਕ, ਜਗਜੀਤ ਸਿੰਘ ਰਠਿਆ, ਜਸਵਿੰਦਰ ਸਿੰਘ ਭਾਂਖਰ, ਜੁਗਰਾਜ ਸਿੰਘ, ਰਣਧੀਰ ਗਿੱਲ, ਸਤਵਿੰਦਰ ਸਿੰਘ, ਭੋਲਾ ਸਰਪੰਚ, ਪਿੰਦਰ ਸਰਪੰਚ, ਸਿਮਰਜੀਤ ਸਿੰਘ, ਗੁਰਮੀਤ ਸਿੰਘ ਫੌਜੀ, ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ ਸਮੇਤ ਕਾਂਗਰਸ ਦੇ ਕਈ ਆਗੂ ਅਤੇ ਵਰਕਰ ਮੌਜੂਦ ਰਹੇ।
