ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਦੇਰ ਰਾਤ ਧਮਾਕਾ, ਪਟੜੀ ਨੁਕਸਾਨੀ

ਸ਼ੰਭੂ 28 ਅਪ੍ਰੈਲ(ਰਾਜਿੰਦਰ ਸਿੰਘ)ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਦੇਰ ਰਾਤ ਧਮਾਕੇ ਦੀ ਘਟਨਾ ਸਾਹਮਣੇ ਆਈ ਹੈ। ਇਸ ਧਮਾਕੇ ਕਾਰਨ ਰੇਲਵੇ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਮੁੱਢਲੀ ਜਾਣਕਾਰੀ ਮੁਤਾਬਕ ਕਿਸੇ ਯਾਤਰੀ ਜਾਂ ਆਮ ਲੋਕਾਂ ਦੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀ, ਜਿਨ੍ਹਾਂ ਵਿੱਚ ਐੱਸਐੱਸਪੀ ਵਰੁਣ ਸ਼ਰਮਾ, ਡੀਐੱਸਪੀ ਦਲਜੀਤ ਵਿਰਕ ਅਤੇ ਐੱਸ ਐੱਚ ਓ ਗੁਰਮੁੱਖ ਸਿੰਘ ਵਿਰਕ ਸਮੇਤ ਰੇਲਵੇ ਪ੍ਰੋਟੈਕਸਨ ਫੋਰਸ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਧਮਾਕੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਇਸ ਰੂਟ ’ਤੇ ਆਵਾਜਾਈ ਆਰਜ਼ੀ ਤੌਰ ’ਤੇ ਰੋਕ ਦਿੱਤੀ ਗਈ ਹੈ। ਇਸ ਦੌਰਾਨ ਪੁਲੀਸ ਨੂੰ ਧਮਾਕੇ ਵਾਲੀ ਥਾਂ ਦੇ ਨੇੜੇ ਮਨੁੱਖੀ ਮਾਸ ਦੇ ਕੁਝ ਟੁਕੜੇ ਵੀ ਮਿਲੇ ਹਨ।
ਪੁਲੀਸ ਦੇ ਮੁੱਢਲੇ ਅਨੁਮਾਨ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੋਈ ਵਿਅਕਤੀ ਧਮਾਕੇਖੇਜ਼ ਸਮੱਗਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਅਚਾਨਕ ਫਟ ਗਈ। ਹਾਲਾਂਕਿ, ਅਜੇ ਤੱਕ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਗੰਭੀਰਤਾ ਨਾਲ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
