ਸੁਲਤਾਨਪੁਰ ਲੋਧੀ ‘ਚ 6 ਮਹੀਨਿਆਂ ‘ਚ ਨਸ਼ੇ ਨਾਲ ਦੂਜੇ ਪੁੱਤ ਦੀ ਮੌਤ

0

ਰੋਂਦੀ ਮਾਂ ਨੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਦੀ ਕੀਤੀ ਮੰਗ

ਕਪੂਰਥਲਾ, 27 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਸੁਲਤਾਨਪੁਰ ਲੋਧੀ ਤੋਂ ਇੱਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੇ ਕਹਿਰ ਨੇ ਇੱਕ ਹੋਰ ਮਾਂ ਦਾ ਘਰ ਉਜਾੜ ਦਿੱਤਾ। ਇੱਕ ਮਾਂ, ਜਿਸ ਦੇ ਪਹਿਲਾਂ ਹੀ ਇੱਕ ਪੁੱਤ ਨੂੰ ਨਸ਼ੇ ਨੇ ਨਿਗਲ ਲਿਆ ਸੀ, ਹੁਣ 6 ਮਹੀਨੇ ਦੇ ਅੰਦਰ ਦੂਜੇ ਜਵਾਨ ਪੁੱਤ ਦੀ ਵੀ ਨਸ਼ਿਆਂ ਨਾਲ ਮੌਤ ਹੋ ਗਈ। ਮਾਮਲਾ ਪਿੰਡ ਗਾਜੀਪੁਰ ਦਾ ਹੈ, ਜਿੱਥੇ ਗਗਨਦੀਪ ਦੀ ਕਰੀਬ 6 ਮਹੀਨੇ ਪਹਿਲਾਂ ਨਸ਼ਿਆਂ ਨਾਲ ਮੌਤ ਹੋਈ ਸੀ। ਪ੍ਰਵਾਰ ਇਸ ਦੁੱਖ ਤੋਂ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਹੁਣ 20 ਸਾਲਾਂ ਦੇ ਛੋਟੇ ਪੁੱਤ ਦੀ ਲਾਸ਼ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਲਾਟੀਆਂਵਾਲ ਕੋਲੋਂ ਮਿਲੀ ਹੈ। ਮਾਂ ਤੇ ਭੈਣ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਮੁਤਾਬਕ ਉਸ ਦਾ ਪੁੱਤ ਘਰੋਂ ਸਿਰਫ 200 ਰੁਪਏ ਲੈ ਕੇ ਇਹ ਕਹਿ ਕੇ ਗਿਆ ਸੀ ਕਿ ਉਹ ਵਾਲ ਕਟਵਾਉਣ ਜਾ ਰਿਹਾ ਹੈ ਪਰ ਪੂਰੀ ਰਾਤ ਉਸ ਦੀ ਭਾਲ ਕਰਨ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗਿਆ ਅਤੇ ਸਵੇਰੇ ਪੁਲਿਸ ਵੱਲੋਂ ਉਸ ਦੀ ਮੌਤ ਦੀ ਖ਼ਬਰ ਮਿਲੀ। ਲਾਟੀਆਂਵਾਲ ਜਿਸ ਨੂੰ ਪਹਿਲਾਂ ਹੀ ਨਸ਼ੇ ਲਈ ਬਦਨਾਮ ਪਿੰਡ ਮੰਨਿਆ ਜਾਂਦਾ ਹੈ। ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇੱਥੇ ਚਿੱਟਾ ਖੰਡ ਵਾਂਗ ਖੁੱਲ੍ਹੇਆਮ ਮਿਲਦਾ ਹੈ। ਉਹ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਗੁਆਂਢੀ ਪਿੰਡਾਂ ਵੱਲੋਂ ਕੀਤੀ ਨਾਕਾਬੰਦੀ ਦੌਰਾਨ 75 ਤੋਂ ਵੱਧ ਨਸ਼ੇੜੀ ਅਤੇ ਚਿੱਟਾ ਵੇਚਣ ਵਾਲੇ ਫੜੇ ਗਏ ਸਨ, ਪਰ ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਕੋਲੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਮੌਤ ਨਸ਼ੇ ਕਾਰਨ ਹੋਈ ਹੈ। ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਣਗੇ।

Leave a Reply

Your email address will not be published. Required fields are marked *