ਰਾਜਧਾਨੀ ਫਿਰ ਸ਼ਰਮ ਨਾਲ ਪਾਣੀ-ਪਾਣੀ ਹੋਈ! ਯੂਨੀਵਰਸਿਟੀ ‘ਚ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ!


ਟੀ-ਸ਼ਰਟ ਪਾੜੀ, ਮੂੰਹ ਵਿਚ ਪਾ ਦਿਤੀ ਗਰਭ ਨਿਰੋਧਕ ਗੋਲੀ
ਅਗਲੇ ਦਿਨ ਜ਼ਖ਼ਮੀ ਹਾਲਤ ਵਿਚ ਮਿਲੀ ਪੀੜਤਾ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 15 ਅਕਤੂਬਰ : ਦੇਸ਼ ਦੀ ਰਾਜਧਾਨੀ ਇਕ ਫਿਰ ਸ਼ਰਮ ਨਾਲ ਪਾਣੀ-ਪਾਣੀ ਹੋ ਗਈ ਹੈ। ਇਥੇ ਸਾਊਥ ਏਸ਼ੀਅਨ ਯੂਨੀਵਰਸਿਟੀ (SAU) ਵਿਚ ਪੜ੍ਹਦੀ ਇਕ 18 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ ਤੇ ਸਮੂਹਕ ਬਲਾਤਕਾਰ ਦੀ ਘਟਨਾ ਵਾਪਰੀ ਹੈ। ਇਹ ਘਟਨਾ 12 ਅਕਤੂਬਰ ਨੂੰ ਦੇਰ ਰਾਤ ਵਾਪਰੀ ਜਦ ਯੂਨੀਵਰਸਿਟੀ ਦੇ ਇਕ ਸੁਰੱਖਿਆ ਗਾਰਡ ਸਮੇਤ ਚਾਰ ਵਿਅਕਤੀਆਂ ਨੇ ਉਸ ਉਤੇ ਹਮਲਾ ਕੀਤਾ, ਕੱਪੜੇ ਪਾੜੇ ਅਤੇ ਸਮੂਹਕ ਬਲਾਤਕਾਰ ਕਰਨ ਪਿੱਛੋਂ ਉਸ ਨੂੰ ਬੇਹੋਸ਼ੀ ਦੇ ਆਲਮ ਵਿਚ ਸੁੱਟ ਦਿਤਾ। ਪੀੜਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਪੈਂਟ ਉਤਾਰਨ ਦੀ ਕੋਸ਼ਿਸ਼ ਕੀਤੀ। ਜਦ ਪੀੜਤਾ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਆਪਣਾ ਪੈਰ ਉਸ ਦੇ ਪੱਟ ‘ਤੇ ਰੱਖਿਆ। ਫਿਰ ਉਸ ਦੀਆਂ ਅੱਖਾਂ ਵਿਚ ਉਂਗਲ ਮਾਰ ਦਿਤੀ। ਮੁਲਜ਼ਮਾਂ ਵਿਚੋਂ ਇਕ ਨੇ ਜ਼ਬਰਦਸਤੀ ਉਸ ਦਾ ਮੂੰਹ ਖੋਲ੍ਹਿਆ ਅਤੇ ਉਸ ਨੂੰ ਗਰਭਪਾਤ ਦੀ ਗੋਲੀ ਖੁਆ ਦਿਤੀ। ਗੋਲੀ ਖੁਆਉਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਪੀੜਤਾ ਪਹਿਲੇ ਸਾਲ ਦੀ ਬੀ. ਟੈਕ ਦੀ ਵਿਦਿਆਰਥਣ ਹੈ। ਉਹ 13 ਅਕਤੂਬਰ ਦੀ ਸਵੇਰ ਕੈਂਪਸ ਵਿਚ ਜ਼ਖ਼ਮੀ ਹਾਲਤ ਵਿਚ ਮਿਲੀ ਸੀ। ਪੀੜਤਾ ਨੇ ਐਫ.ਆਈ.ਆਰ ਦਰਜ ਕਰਵਾਈ ਹੈ। ਫ਼ਿਲਹਾਲ ਚਾਰੇ ਮੁਲਜ਼ਮ ਫ਼ਰਾਰ ਹਨ। ਪੀੜਤਾ ਨੇ ਅਪਣਾ ਬਿਆਨ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ ਵਿਚ ਰਿਕਾਰਡ ਕਰਵਾਇਆ ਹੈ। ਉਸ ਨੇ ਅਪਣੀ ਸ਼ਿਕਾਇਤ ਵਿਚ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਉਸ ਨੂੰ ਆਰਿਅਨ ਯਸ਼ ਨਾਮ ਦੇ ਇਕ ਸੋਸ਼ਲ ਮੀਡੀਆ ਅਕਾਊਂਟ ਤੋਂ ਵਟਸਅਪ ਅਤੇ ਟੈਲੀਗਰਾਮ ਐਪ ਰਾਹੀਂ ਅਸ਼ਲੀਲ ਮੈਜਿਸ ਆ ਰਹੇ ਸਨ। ਇਸ ਘਟਨਾ ਵਿਰੁਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੰਘਰਸ਼ ਆਰੰਭ ਕਰ ਦਿਤਾ ਹੈ। ਵਿਦਿਆਰਥੀਆਂ ਨੇ ਦੋਸ਼ੀਆਂ ਗ੍ਰਿਫ਼ਤਾਰ ਕਰਨ, ਯੂਨੀਵਰਸਿਟੀ ਪ੍ਰਬੰਧਕਾਂ ਵਿਰੁਧ ਸਖ਼ਤ ਕਾਰਵਾਈ ਅਤੇ ਪੀੜਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।