ਟਾਂਡਾ ‘ਚ 1 ਕਿੱਲੋ 100 ਗ੍ਰਾਮ ਹੈਰੋਇਨ ਸਣੇ 3 ਮੁਲਜ਼ਮ ਗ੍ਰਿਫ਼ਤਾਰ

0
Screenshot 2025-10-10 194914

ਹੁਸ਼ਿਆਰਪੁਰ/ਟਾਂਡਾ, 10 ਅਕਤੂਬਰ (ਤਰਸੇਮ ਦੀਵਾਨਾ) : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾੜੇ ਅਨਸਰਾਂ ‘ਤੇ ਕਾਬੂ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ, ਟਾਂਡਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਮੁੱਖ ਅਫ਼ਸਰ ਥਾਣਾ ਟਾਂਡਾ, ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਾਕਿਸਤਾਨ ਤੋਂ ਆਈ 1 ਕਿੱਲੋ 100 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰੀ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪਾਰਟੀ ਤਲਵੰਡੀ ਸੱਲ੍ਹਾ ਰੋਡ ‘ਤੇ ਪਿੰਡ ਮਾਨਪੁਰ ਦੇ ਟੀ-ਪੁਆਇੰਟ ‘ਤੇ ਨਾਕਾਬੰਦੀ ਕਰਕੇ ਮੌਜੂਦ ਸੀ। ਇਸ ਦੌਰਾਨ ਇੱਕ ਇਨੋਵਾ ਗੱਡੀ (ਨੰਬਰ PB-11-CL-6094) ਆਉਂਦੀ ਦਿਖਾਈ ਦਿੱਤੀ, ਜੋ ਪੁਲਿਸ ਨੂੰ ਦੇਖ ਕੇ ਅਚਾਨਕ ਰੁਕ ਗਈ ਅਤੇ ਡਰਾਈਵਰ ਨੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਕੱਚੇ ਰਸਤੇ ਵਿੱਚ ਫਸ ਜਾਣ ‘ਤੇ, ਉਸ ਵਿੱਚ ਸਵਾਰ ਤਿੰਨ ਵਿਅਕਤੀ ਭੱਜਣ ਲੱਗੇ, ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਕਥਿਤ ਦੋਸ਼ੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਵੱਡਾ (ਵਾਸੀ ਗੁਡਾਣਾ), ਜਸ਼ਨਦੀਪ ਸਿੰਘ ਉਰਫ਼ ਜਸ਼ਨ (ਵਾਸੀ ਕੋਟਲੀ ਜੰਡ) ਅਤੇ ਬਲਬੀਰ ਖਾਨ (ਵਾਸੀ ਗੁਡਾਣਾ) ਵਜੋਂ ਹੋਈ ਹੈ। ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਡੈਸ਼ ਬਾਕਸ ਵਿੱਚੋਂ ਦੋ ਪਾਰਸਲ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਕੁੱਲ 1 ਕਿੱਲੋ 100 ਗ੍ਰਾਮ ਹੈਰੋਇਨ ਨੁਮਾ ਪਦਾਰਥ ਮਿਲਿਆ। ਪੁਲਿਸ ਨੇ ਤਿੰਨੋਂ ਕਥਿਤ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੁੱਖ ਅਫ਼ਸਰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅਗਲੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਸਕੇ।

Leave a Reply

Your email address will not be published. Required fields are marked *