ਭਾਰਤ ਪਹੁੰਚ ਰਿਹਾ ਅਮਰੀਕੀ ਵਫ਼ਦ, ਦੁਵੱਲੇ ਵਪਾਰ ਸਮਝੌਤੇ ‘ਤੇ ਹੋਵੇਗੀ ਚਰਚਾ


ਨਵੀਂ ਦਿੱਲੀ, 15 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਵੱਲੋਂ ਟੈਰਿਫ਼ ਲਗਾਉਣ ਤੋਂ ਪੈਦਾ ਹੋਏ ਤਣਾਅ ਦੇ ਵਿਚਕਾਰ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ‘ਤੇ ਗੱਲਬਾਤ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਦੇ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਦੀ ਅਗਵਾਈ ਵਿੱਚ ਅਮਰੀਕੀ ਵਫ਼ਦ ਅੱਜ ਰਾਤ ਨਵੀਂ ਦਿੱਲੀ ਪਹੁੰਚੇਗਾ। ਰੂਸ ਤੋਂ ਤੇਲ ਆਯਾਤ ਲਈ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਹੋਣ ਜਾ ਰਹੀ ਹੈ। ਪ੍ਰਸਤਾਵਿਤ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ (BTA) ਦੇ ਹੁਣ ਤੱਕ ਪੰਜ ਦੌਰ ਪੂਰੇ ਹੋ ਚੁੱਕੇ ਹਨ। ਗੱਲਬਾਤ ਦਾ ਛੇਵਾਂ ਦੌਰ 25 ਅਗਸਤ ਨੂੰ ਹੋਣਾ ਸੀ, ਪਰ ਟੈਰਿਫ ਵਿਵਾਦ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਅਤੇ ਲਿੰਚ ਦੀ ਭਾਰਤ ਫੇਰੀ ਇਸ ਪ੍ਰਕਿਰਿਆ ਦਾ ਹਿੱਸਾ ਹੈ, ਤਾਂ ਜੋ ਭਵਿੱਖ ਦੀ ਦਿਸ਼ਾ ਤੈਅ ਕੀਤੀ ਜਾ ਸਕੇ। ਭਾਰਤ ਤੋਂ ਮੁੱਖ ਵਾਰਤਾਕਾਰ ਅਤੇ ਵਣਜ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਹ ਮੀਟਿੰਗ ਰਸਮੀ ਛੇਵਾਂ ਦੌਰ ਨਹੀਂ ਹੈ, ਪਰ ਦੋਵੇਂ ਧਿਰਾਂ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕਰਨਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਹਫ਼ਤਾਵਾਰੀ ਵਰਚੁਅਲ ਗੱਲਬਾਤ ਹੋ ਰਹੀ ਸੀ ਪਰ ਅਨੁਕੂਲ ਮਾਹੌਲ ਦੀ ਘਾਟ ਕਾਰਨ ਬਹੁਤੀ ਪ੍ਰਗਤੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਬ੍ਰੈਂਡਨ ਲਿੰਚ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਵਿੱਚ ਸਹਾਇਕ ਪ੍ਰਤੀਨਿਧੀ ਹੈ। ਉਹ ਖੇਤਰ ਦੇ 15 ਦੇਸ਼ਾਂ ਦੀਆਂ ਵਪਾਰ ਨੀਤੀਆਂ ਦੀ ਨਿਗਰਾਨੀ ਕਰਦੇ ਹਨ ਤੇ ਭਾਰਤ-ਅਮਰੀਕਾ ਵਪਾਰ ਨੀਤੀ ਫੋਰਮ (ਟੀਪੀਐਫ) ਸਮੇਤ ਕਈ ਸਮਝੌਤਿਆਂ ਦਾ ਤਾਲਮੇਲ ਕਰਦੇ ਹਨ। ਦੱਸਣਯੋਗ ਹੈ ਕਿ ਭਾਰਤ ‘ਤੇ ਵਾਧੂ ਟੈਰਿਫ ਲਗਾਉਣ ਅਤੇ ਸਖ਼ਤ ਬਿਆਨਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਸੀ। ਹਾਲਾਂਕਿ ਹਾਲ ਹੀ ਵਿੱਚ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਸਬੰਧਾਂ ਦੀ ਪ੍ਰਸ਼ੰਸਾ ਕਰਕੇ ਸਕਾਰਾਤਮਕ ਸੰਕੇਤ ਦਿੱਤੇ ਹਨ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਹੈ ਅਤੇ ਉਹ ਜਲਦੀ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਉਤਸੁਕ ਹਨ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਕੁਦਰਤੀ ਭਾਈਵਾਲ ਹਨ ਅਤੇ ਇਹ ਗੱਲਬਾਤ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣਗੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਕੱਠੇ ਕੰਮ ਕਰਨ ਨਾਲ ਦੋਵਾਂ ਦੇਸ਼ਾਂ ਲਈ ਇੱਕ ਉੱਜਵਲ ਭਵਿੱਖ ਯਕੀਨੀ ਬਣਾਇਆ ਜਾਵੇਗਾ।
