ਦਿੱਲੀ ਅਤੇ ਬੰਬੇ ਹਾਈ ਕੋਰਟਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ


ਨਵੀਂ ਦਿੱਲੀ/ਮੁੰਬਈ, 12 ਸਤੰਬਰ (ਨਿਊਜ਼ ਟਾਉਨ ਨੈਟਵਰਕ) :
ਦਿੱਲੀ ਹਾਈ ਕੋਰਟ ਤੋਂ ਬਾਅਦ, ਬੰਬੇ ਹਾਈ ਕੋਰਟ ਨੂੰ ਬੰਬ ਦੀ ਧਮਕੀ ਵਾਲਾ ਈ-ਮੇਲ ਭੇਜਿਆ ਗਿਆ ਸੀ। ਅੱਜ ਸਵੇਰੇ ਦਿੱਲੀ ਹਾਈ ਕੋਰਟ ਨੂੰ ਭੇਜੀ ਗਈ ਈਮੇਲ ਵਿਚ, ਕੋਰਟ ਰੂਮ ਵਿਚ 3 ਬੰਬ ਰੱਖੇ ਜਾਣ ਦਾ ਜ਼ਿਕਰ ਸੀ। ਧਮਕੀ ਵਿੱਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ (ਜੁਮਾ) ਦੁਪਹਿਰ ਦੀ ਨਮਾਜ਼ ਤੋਂ ਪਹਿਲਾਂ (ਦੁਪਹਿਰ 2 ਵਜੇ ਤਕ) ਕੈਂਪਸ ਖਾਲੀ ਕਰ ਦਿਤਾ ਜਾਵੇ। ਇਸ ਦੇ ਨਾਲ ਹੀ, ਬੰਬ ਦੀ ਧਮਕੀ ਵਾਲੇ ਈਮੇਲ ਤੋਂ ਬਾਅਦ ਬੰਬੇ ਹਾਈ ਕੋਰਟ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਵਕੀਲਾਂ, ਜੱਜਾਂ ਅਤੇ ਹੋਰ ਲੋਕਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਾਰੇ ਕੋਰਟ ਰੂਮਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਬੰਬ ਸਕੁਐਡ ਟੀਮਾਂ ਇੱਥੇ ਪਹੁੰਚ ਗਈਆਂ ਹਨ।

ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੂੰ ਬੰਬ ਦੀ ਧਮਕੀ ਮਿਲੀ ਸੀ ਪੁਲਿਸ ਨੇ ਤੁਰੰਤ ਕੰਪਲੈਕਸ ਖਾਲੀ ਕਰਵਾ ਲਿਆ। ਜੱਜਾਂ, ਵਕੀਲਾਂ ਸਮੇਤ ਸਾਰੇ ਲੋਕਾਂ ਨੂੰ ਕੰਪਲੈਕਸ ਤੋਂ ਬਾਹਰ ਕੱਢ ਲਿਆ ਗਿਆ ਹੈ। ਦਿੱਲੀ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ। ਮੁਲਜ਼ਮਾਂ ਨੇ ਡਾਕ ਰਾਹੀਂ ਦਿੱਲੀ ਪੁਲਿਸ ਨੂੰ ਧਮਕੀ ਦਿਤੀ ਹੈ। ਪੁਲਿਸ ਨੂੰ ਦਿੱਲੀ ਹਾਈ ਕੋਰਟ ਦੇ 3 ਕੋਰਟ ਰੂਮਾਂ ਵਿਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਲਗਭਗ 11 ਵਜੇ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ। ਮੁਲਜ਼ਮਾਂ ਨੇ 2 ਵਜੇ ਤਕ ਅਦਾਲਤ ਖਾਲੀ ਕਰਨ ਦੀ ਧਮਕੀ ਦਿਤੀ ਸੀ। ਅਦਾਲਤ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
