ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ 18ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ !

0
WhatsApp Image 2025-09-01 at 3.52.48 PM

ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਨੇ ਆਪਣਾ 18ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸਹਿਜ ਪਾਠ ਦੇ ਭੋਗ ਨਾਲ ਹੋਈ। ਇਸ ਮੌਕੇ ਵਾਇਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਯੂਨੀਵਰਸਿਟੀ ਦੇ ਸਤਾਰਾਂ ਸਾਲਾਂ ਦੀ ਸਫ਼ਲ ਯਾਤਰਾ ਪੂਰੀ ਕਰਨ ਲਈ ਵਧਾਈ ਦਿਤੀ। ਉਨ੍ਹਾਂ ਨੇ 2024–25 ਅਕਾਦਮਿਕ ਸਾਲ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ਼ ਨੇ ਕੇਵਲ ਅਕਾਦਮਿਕ ਖੇਤਰ ਵਿਚ ਹੀ ਨਹੀਂ ਸਗੋਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਫੋਰਥ ਸੈਂਟੇਨਰੀ ਮੈਮੋਰੀਅਲ ਟਰੱਸਟ ਨੇ ਅਧਿਆਪਕਾਂ ਅਤੇ ਗ਼ੈਰ-ਅਧਿਆਪਕ ਸਟਾਫ਼ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਾਲ ਦਾਖਲਿਆਂ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਸੰਗਤ ਨੂੰ ਵਾਤਾਵਰਣ ਦੀ ਸੰਭਾਲ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਲਈ ਡਟ ਕੇ ਖੜ੍ਹੇ ਹੋਣ ਦੀ ਅਪੀਲ ਕੀਤੀ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਰਜ ਸਿੰਘ ਜੀ ਦੇ ਕੀਰਤਨ ਨੇ ਹਾਜ਼ਰੀਨ ਨੂੰ ਰੂਹਾਨੀ ਅਨੁਭਵ ਨਾਲ ਭਰ ਦਿਤਾ। ਉਪਰੰਤ ਵਿਦਿਆਰਥੀਆਂ ਨੇ ਵਾਰ ਗਾਇਨ ਤੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸ. ਅਜਮੇਰ ਸਿੰਘ ਖੈਹਰਾ, ਮੈਂਬਰ ਸੈਨੇਟ, ਨੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਆਪਣੀ ਦ੍ਰਿਸ਼ਟੀਕੋਣ ਅਨੁਸਾਰ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਪਾ ਰਹੀ ਹੈ ਅਤੇ ਸਾਂਝ, ਸ਼ਾਂਤੀ ਤੇ ਸੇਵਾ ਦੇ ਮੁੱਲਾਂ ਨੂੰ ਕਾਇਮ ਰੱਖ ਰਹੀ ਹੈ। ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ। ਉਨ੍ਹਾਂ ਗੁਰਬਾਣੀ ਅੰਦਰ ਸੰਗੀਤ ਦੇ ਮਹਾਤਮ ਨੂੰ ਉਜਾਗਰ ਕਰਦਿਆਂ ਸ਼ਬਦ ਕੀਰਤਨ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਹਾਜ਼ਰ ਸਾਰੇ ਮਾਣਯੋਗ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਮਿਸ਼ਨ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਮੁੱਲਾਂ ਤੇ ਅਧਾਰਿਤ ਗਿਆਨ-ਅਧਾਰਤ ਸਮਾਜ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਆਸ ਜਤਾਈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਨਵੀਂ ਪੀੜ੍ਹੀ ਵਿਚ ਸਿੱਖੀ ਦੇ ਸਿਧਾਂਤ ਰਚਾਉਣ ਵਿੱਚ ਵੀ ਅੱਗੇ ਰਹੇਗੀ। ਸਮਾਰੋਹ ਵਿਚ ਸ. ਜਗਦੀਪ ਸਿੰਘ ਚੀਮਾ, ਸੀਨੀਅਰ ਅਕਾਲੀ ਲੀਡਰ; ਸ. ਅਵਤਾਰ ਸਿੰਘ ਰਿਆ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਜੋਗਾ ਸਿੰਘ, ਮੈਨੇਜਰ ਹਾਜ਼ਰ ਸਨ। ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਮਾਣਯੋਗ ਮਹਿਮਾਨ ਵੀ ਇਸ ਮੌਕੇ ਸ਼ਾਮਲ ਹੋਏ। ਸਮਾਗਮ ਦੀ ਅਗਵਾਈ ਡਾ. ਪਲਵਿੰਦਰ ਕੌਰ ਨੇ ਕੀਤੀ।ਸਮਾਰੋਹ ਦਾ ਸਮਾਪਨ ਯੂਨੀਵਰਸਿਟੀ ਦੀ ਗਤਕਾ ਟੀਮ ਦੇ ਜਜ਼ਬੇ ਨਾਲ ਭਰੇ ਪ੍ਰਦਰਸ਼ਨ ਨਾਲ ਹੋਇਆ, ਜਿਸ ਨੇ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।

Leave a Reply

Your email address will not be published. Required fields are marked *