ਬਲੋਚਿਸਤਾਨ ‘ਚ 9 ਪਾਕਿਸਤਾਨੀ ਸਵਾਰੀਆਂ ਦਾ ਗੋਲੀ ਮਾਰ ਕੇ ਕਤਲ


ਕਵੇਟਾ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਵਿਚ ਇਕ ਵਾਰ ਫਿਰ ਇਕ ਵੱਡਾ ਹਮਲਾ ਹੋਇਆ ਹੈ, ਜਿਸ ਵਿਚ ਹਮਲਾਵਰਾਂ ਨੇ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਇਹ ਘਟਨਾ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਕ ਬੱਸ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਇਸ ਸਾਲ ਮਾਰਚ ਵਿਚ ਹੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੁਆਰਾ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਸੀ।
ਖ਼ਬਰਾਂ ਅਨੁਸਾਰ ਬਲੋਚਿਸਤਾਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਘੱਟੋ-ਘਟ 9 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਵੇਟਾ ਤੋਂ ਲਾਹੌਰ ਜਾ ਰਹੀ ਬੱਸ ਵਿਚ ਸਵਾਰ ਯਾਤਰੀਆਂ ਨੂੰ ਅਗਵਾ ਕਰਕੇ ਗੋਲੀ ਮਾਰ ਦਿਤੀ ਗਈ। ਇਹ ਘਟਨਾ ਉੱਤਰੀ ਬਲੋਚਿਸਤਾਨ ਦੇ ਨੇੜੇ ਜ਼ੋਬ ਸ਼ਹਿਰ ਵਿਚ ਵਾਪਰੀ। ਰਿਪੋਰਟ ਦੇ ਅਨੁਸਾਰ ਹਮਲਾਵਰਾਂ ਨੇ ਬੱਸ ਨੂੰ ਰੋਕਿਆ, ਯਾਤਰੀਆਂ ਨੂੰ ਉਤਾਰਿਆ ਅਤੇ 9 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿਤੀ।
ਝੋਬ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨਵੀਦ ਆਲਮ ਨੇ ਕਿਹਾ ਕਿ ਯਾਤਰੀਆਂ ਨੂੰ ਬੱਸ ਤੋਂ ਅਗਵਾ ਕਰਨ ਤੋਂ ਬਾਅਦ ਗੋਲੀ ਮਾਰ ਦਿਤੀ ਸੀ। ਉਨ੍ਹਾਂ ਕਿਹਾ, ‘ਅੱਤਵਾਦੀਆਂ ਨੇ ਯਾਤਰੀਆਂ ਨੂੰ ਬੱਸ ਤੋਂ ਉਤਾਰਿਆ ਅਤੇ ਪਛਾਣ ਕਰਕੇ 9 ਮਾਸੂਮ ਪਾਕਿਸਤਾਨੀਆਂ ਦੀ ਹੱਤਿਆ ਕਰ ਦਿਤੀ।’ ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ਦੇ ਰੇਖਾਨੀ ਹਸਪਤਾਲ ਵਿਚ ਤਬਦੀਲ ਕਰ ਦਿਤਾ ਗਿਆ ਹੈ। ਸੂਬਾਈ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਇਸਨੂੰ ਅੱਤਵਾਦੀ ਕਾਰਵਾਈ ਕਰਾਰ ਦਿਤਾ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਫਿਲਹਾਲ ਉਨ੍ਹਾਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਇਸਨੂੰ ‘ਖੁੱਲ੍ਹਾ ਅੱਤਵਾਦ’ ਦੱਸਿਆ ਅਤੇ ਇਸਨੂੰ ਫਿਤਨਾ ਏ ਹਿੰਦੁਸਤਾਨ ਨਾਲ ਜੋੜਿਆ। ਬੁਗਤੀ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਪਾਕਿਸਤਾਨੀ ਪਛਾਣ ਕਾਰਨ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਆਪਣਾ ਕਾਇਰਤਾ ਭਰਿਆ ਰਵੱਈਆ ਦਿਖਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸੂਮਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਵਿਰੁੱਧ ਜੰਗ ਹੈ ਅਤੇ ਸਾਡਾ ਜਵਾਬ ਸਖ਼ਤ ਅਤੇ ਫੈਸਲਾਕੁੰਨ ਹੋਵੇਗਾ। ਇਸ ਦੌਰਾਨ ਕੱਟੜਪੰਥੀਆਂ ਨੇ ਕਵੇਟਾ, ਲੋਰਾਲਾਈ ਅਤੇ ਮਸਤੁੰਗ ਵਿਚ ਵੀ ਤਿੰਨ ਅੱਤਵਾਦੀ ਹਮਲੇ ਕੀਤੇ ਪਰ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿਤਾ। ਬਲੋਚਿਸਤਾਨ ਮੀਡੀਆ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕੱਟੜਪੰਥੀਆਂ ਨੇ ਰਾਤ ਨੂੰ ਸੂਬੇ ਵਿਚ ਕਈ ਥਾਵਾਂ ‘ਤੇ ਹਮਲੇ ਕੀਤੇ ਅਤੇ ਸੁਰੱਖਿਆ ਚੌਕੀਆਂ, ਸਰਕਾਰੀ ਅਦਾਰਿਆਂ, ਪੁਲਿਸ ਸਟੇਸ਼ਨਾਂ, ਬੈਂਕਾਂ ਅਤੇ ਸੰਚਾਰ ਟਾਵਰਾਂ ਨੂੰ ਨਿਸ਼ਾਨਾ ਬਣਾਇਆ।
